Jan 2, 2026 5:25 PM - Connect Newsroom - Jasmine Singh with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਫਰਾਂਸ ਦੌਰੇ 'ਤੇ ਜਾਣਗੇ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ, ਕਾਰਨੀ ਸੋਮਵਾਰ ਅਤੇ ਮੰਗਲਵਾਰ ਨੂੰ ਪੈਰਿਸ ਵਿਚ ਹੋਣਗੇ, ਜਿੱਥੇ ਉਹ ਯੂਕਰੇਨ ਲਈ ਸ਼ਾਂਤੀ ਸਮਝੌਤੇ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਲਈ ਯੂ.ਕੇ. ਅਤੇ ਫਰਾਂਸ ਦੀ ਅਗਵਾਈ ਵਿਚ ਬਣੇ 30 ਤੋਂ ਵੱਧ ਦੇਸ਼ਾਂ ਦੇ ਗਰੁੱਪ ਨਾਲ ਮੀਟਿੰਗ ਵਿਚ ਸ਼ਾਮਲ ਹੋਣਗੇ।
ਸ਼ੁੱਕਰਵਾਰ ਨੂੰ ਜਾਰੀ ਇੱਕ ਮੀਡੀਆ ਬਿਆਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਮੁੱਖ ਫੋਕਸ ਯੂਕਰੇਨ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਵਿਚ ਰੂਸੀ ਹਮਲਿਆਂ ਨੂੰ ਰੋਕਣ 'ਤੇ ਕੇਂਦਰਿਤ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਯੂਕਰੇਨ ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਸੁਰੱਖਿਆ ਗਾਰੰਟੀ ਦੀ ਮੰਗ ਕਰ ਰਿਹਾ ਹੈ। ਕਾਰਨੀ ਦੇ ਦਫ਼ਤਰ ਨੇ ਕਿਹਾ ਕਿ ਕੈਨੇਡਾ ਗੱਠਜੋੜ ਦੇ ਸਹਿਯੋਗੀਆਂ ਨਾਲ ਮਿਲ ਕੇ ਯੂਕਰੇਨ ਦੀ ਰੱਖਿਆ ਸਮਰੱਥਾ ਵਧਾਉਣ ਅਤੇ ਦੇਸ਼ ਦੀ ਲੰਬੇ ਸਮੇਂ ਤੱਕ ਚੱਲਣ ਵਾਲੀ ਰਿਕਵਰੀ ਵਿਚ ਮਦਦ ਲਈ ਕੰਮ ਕਰ ਰਿਹਾ ਹੈ।
ਇਸ ਤੋਂ ਇਲਾਵਾ ਕੈਨੇਡਾ ਜੰਗ ਦੌਰਾਨ ਰੂਸ ਵਲੋਂ ਗੈਰ-ਕਾਨੂੰਨੀ ਤੌਰ 'ਤੇ ਡਿਪੋਰਟ ਕੀਤੇ ਗਏ ਯੂਕਰੇਨ ਦੇ ਹਾਜ਼ਾਰਾਂ ਬੱਚਿਆਂ ਦੀ ਵਾਪਸੀ ਵੀ ਚਾਹੁੰਦਾ ਹੈ। ਗੌਰਤਲਬ ਹੈ ਕਿ ਕੈਨੇਡਾ ਨੇ ਆਪਣਾ ਪਹਿਲਾਂ ਹੀ ਰੁਖ਼ ਸਾਫ ਰੱਖਿਆ ਹੈ ਕਿ ਰੂਸ ਨਾਲ ਕੋਈ ਵੀ ਸ਼ਾਂਤੀ ਸਮਝੌਤਾ ਯੂਕਰੇਨ ਦੀ ਹਾਜ਼ਰੀ ਅਤੇ ਸਹਿਮਤੀ ਨਾਲ ਹੋਣਾ ਚਾਹੀਦਾ ਹੈ।




