Sep 17, 2024 7:11 PM - Connect Newsroom

ਆਲੀਆ ਭੱਟ ਅੱਜ ਦੇ ਬਾਲੀਵੁੱਡ ਸਿਨੇਮਾ ਦੀ ਸਪੁਰਸਟਾਰ ਅਦਾਕਾਰਾ ਹੈ। ਉਹ ਆਪਣੇ ਚੁਲਬੁਲੇ ਅੰਦਾਜ਼ ਤੇ ਇਕ ਤੋਂ ਬਾਅਦ ਇਕ ਸੁਪਰਹਿਟ ਫਿਲਮਾਂ ਨਾਲ ਭਾਰਤੀ ਸਿਨੇਮਾ ਦੇ ਦਰਸ਼ਕਾਂ ਦੇ ਦਿਲਾਂ ਉੱਤੇ ਛਾਈ ਹੋਈ ਹੈ। ਹੁਣ ਆਲੀਆ ਆਪਣੀ ਨਵੀਂ ਫਿਲਮ ‘ਜਿਗਰਾ’ ਦੇ ਨਾਲ ਪਰਦੇ ਉੱਤੇ ਨਜ਼ਰ ਆਵੇਗੀ। ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਮਿਲਿਆ ਹੈ। ਆਲੀਆ ਇਸ ਫਿਲਮ ਵਿਚ ਅਭਿਨੇਤਾ ਵੇਦਾਂਗ ਰੈਨਾ ਦੀ ਭੈਣ ਦਾ ਕਿਰਦਾਰ ਕਰ ਰਹੀ ਹੈ। ਪਰ ਇਸੇ ਵਿਚ ਆਲੀਆ ਨੇ ਇੰਸਟਾ ਉੱਤੇ ਇਕ ਨਵੀਂ ਫੋੋਟੋ ਸਾਂਝੀ ਕੀਤੀ ਹੈ, ਜਿਸ ਨਾਲ ਇਕ ਹੋਰ ਖੁਲਾਸਾ ਹੋਇਆ ਹੈ। ਇਕ ਸਰਪਰਾਈਜ਼ ਹੈ, ਜੋ ਦਰਸ਼ਕਾਂ ਨੂੰ ਮਿਲ ਸਕਦਾ ਹੈ।
ਆਲੀਆ ਵੱਲੋਂ ਸਾਂਝੀ ਕੀਤੀ ਤਸਵੀਰ ਤੋਂ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਸਟਾਰ ਦਿਲਜੀਤ ਦੋਸਾਂਝ ਵੀ ਇਸ ਫਿਲਮ ਚ ਹਾਜ਼ਰੀ ਲਵਾ ਸਕਦੇ ਹਨ। ਤਸਵੀਰ ਵਿਚ ਦਲਜੀਤ ਤੇ ਆਲੀਆ ਦੋ ਕੁਰਸੀਆਂ ਉੱਤੇ ਬੈਠੇ ਹਨ। ਦਿਲਜੀਤ ਦੀ ਕੁਰਸੀ ਪਿੱਛੇ ਲਿਖਿਆ ਹੈ, “Sings About Kudi”ਅਤੇ ਆਲੀਆ ਦੀ ਕੁਰਸੀ ‘ਤੇ ਲਿਖਿਆ ਹੋਇਆ ਹੈ, ‘“The Said Kudi’. ਤਸਵੀਰ ਦੇ ਫਰੇਮ ਵਿਚ ਵੱਡੇ ਅੱਖਰਾਂ ਵਿਚ ਜਗਦਾ ਹੋਇਆ ‘ਜਿਗਰਾ’ ਲਿਖਿਆ ਵੀ ਦਿਖ ਰਿਹਾ ਹੈ।
ਆਲੀਆ ਨੇ ਇਸ ਫੋਟੋ ਦੇ ਨਾਲ ਜੋ ਕੈਪਸ਼ਨ ਲਿਖੀ ਹੈ, ਉਸ ਨੇ ਬਹੁਤ ਕੁਝ ਸਪੱਸ਼ਟ ਕਰ ਦਿੱਤਾ ਹੈ ਤੇ ਬਹੁਤ ਕੁਝ ਅਣਕਿਹਾ ਵੀ ਛੱਡ ਦਿੱਤਾ ਹੈ। ਇਸ ਕੈਪਸ਼ਨ ਨਾਲ ਆਲੀਆ ਨੇ ਇਕ ਕਹਾਣੀ ਪਾ ਦਿੱਤੀ ਹੈ, ਜਿਸ ਨੂੰ ਲੈ ਕੇ ਲੋਕਾਂ ਵਿਚ ਦਿਲਚਸਪੀ ਵੱਧ ਰਹੀ ਹੈ। ਆਲੀਆ ਨੇ ਲਿਖਿਆ ਹੈ ਕਿ, ਕੁਰਸੀਆਂ ਸਭ ਬਿਆਨ ਕਰ ਰਹੀਆਂ ਹਨ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਿਲਜੀਤ ਜਿਗਰਾ ਫਿਲਮ ਵਿਚ ਆਲੀਆ ਲਈ ਕੋਈ ਨਵਾਂ ਗੀਤ ਗਾ ਰਹੇ ਹਨ।
ਇੱਥੇ ਦੱਸਣਯੋਗ ਹੈ ਕਿ ਆਲੀਆ ਭੱਟ ਅਤੇ ਦਿਲਜੀਤ ਦੋਸਾਂਝ ਨੇ ਫਿਲਮ ‘ਉੜਤਾ ਪੰਜਾਬ’ ’ਚ ਸਕ੍ਰੀਨ ਸ਼ੇਅਰ ਕੀਤੀ ਸੀ। ਇਸ ਵਿਚ ਦੋਵਾਂ ਨੇ ਇੱਕ ਗੀਤ ਵੀ ਗਾਇਆ ਸੀ, ਜਿਸ ਨੂੰ ਲੋਕਾਂ ਦਾ ਖੂਬ ਪਿਆਰ ਮਿਲਿਆ। ਉਮੀਦ ਹੈ ਕਿ ਦੋਨੋ ਸੁਪਰ ਸਟਾੱਰ ਅਦਾਕਾਰ ਇਕ ਵਾਰ ਫਿਰ ਇਕੱਠੇ ਗਾਉਂਦੇ ਨਜ਼ਰ ਆਉਣਗੇ ਅਤੇ ਇਸ ਐਲਾਨ ਨਾਲ ਸੋਸ਼ਲ ਮੀਡੀਆ ‘ਤੇ ਖੁਸ਼ੀ ਦੀ ਲਹਿਰ ਦੌੜ ਗਈ ਹੈ।




