Oct 3, 2024 6:25 PM - Connect Newsroom

ਪ੍ਰਸਿੱਧ ਗਾਇਕ ਅਰਿਜੀਤ ਸਿੰਘ ਨੇ ਆਪਣੇ ਇਕ ਵਿਸ਼ੇਸ਼ ਵਿਹਾਰ ਨਾਲ ਜ਼ਾਹਰ ਕੀਤਾ ਹੈ ਕਿ ਉਹ ਆਪਣੇ ਚਹੇਤਿਆਂ ਅਤੇ ਪ੍ਰਸ਼ੰਸਕਾਂ ਨੂੰ ਕਿੰਨਾ ਪਿਆਰ ਕਰਦਾ ਹੈ ਜਦੋਂ ਕੋਈ ਪ੍ਰਸ਼ੰਸਕ ਉਸ ਦੇ ਸਾਹਮਣੇ ਮੁਸ਼ਕਲ ਸਥਿਤੀ ਤੋਂ ਗੁਜਰਦਾ ਹੈ ਤਾਂ ਉਸ ਦੀ ਆਤਮਾ ਤੜਫ਼ ਉੱਠਦੀ ਹੈ। ਅਜਿਹਾ ਪਿਛਲੇ ਦਿਨੀਂ ਇੰਗਲੈਂਡ ’ਚ ਹੋਏ ਇਕ ਸੰਗੀਤ ਸਮਾਰੋਹ ਦੌਰਾਨ ਉਸ ਵੇਲੇ ਵਾਪਰਿਆ ਜਦੋਂ ਸੁਰੱਖਿਆ ਗਾਰਡ ਨੇ ਸਮਾਰੋਹ ’ਚ ਆਈ ਅਰਿਜੀਤ ਸਿੰਘ ਦੀ ਪ੍ਰਸ਼ੰਸਕ ਨੂੰ ਗਲਤ ਢੰਗ ਨਾਲ ਰੋਕਣ ਦੀ ਕੋਸ਼ਿਸ਼ ਕੀਤੀ।
ਸੁਰੱਖਿਆ ਗਾਰਡ ਵਲੋਂ ਉਸ ਮਹਿਲਾ ਨਾਲ ਕੀਤੇ ਗਏ ਮਾੜੇ ਵਤੀਰੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋ ਗਈ। ਅਰਿਜੀਤ ਨੇ ਤੁਰੰਤ ਇਸ ਮਾਮਲੇ ’ਚ ਦਖ਼ਲ ਦਿੱਤਾ ਅਤੇ ਕਿਹਾ ਕਿ ਕਿਸੇ ਵੀ ਪ੍ਰਸ਼ੰਸਕ ਨੂੰ ਸੁਰੱਖਿਆ ਗਾਰਡ ਵਲੋਂ ਰੋਕਿਆ ਜਾਣਾ ਉੱਚਿਤ ਨਹੀਂ ਹੈ। ਖ਼ਾਸ ਕਰਕੇ ਉਸ ਦੀ ਗਰਦਨ ਤੋਂ ਫੜ੍ਹ ਕੇ ਉਸ ਨੂੰ ਅੱਗੇ ਵਧਣ ਤੋਂ ਰੋਕਣਾ ਗਾਇਕ ਨੂੰ ਬੇਹੱਦ ਮਾੜਾ ਲੱਗਿਆ।
ਉਸ ਨੇ ਮਾਇਕ ’ਤੇ ਬੋਲਦਿਆਂ ਆਪਣੀ ਗਰਦਨ ਵੱਲ ਇਸ਼ਾਰਾ ਕਰਕੇ ਕਿਹਾ ਕਿ ਕਿਸੇ ਨੂੰ ਇੱਥੋਂ ਫੜ੍ਹਨਾ ਬਿਲਕੁੱਲ ਠੀਕ ਨਹੀਂ ਹੈ। ਅਰਿਜੀਤ ਨੇ ਸੁਰਖਿਆ ਕਰਮਚਾਰੀਆਂ ਨੂੰ ਕੁਝ ਹਦਾਇਤਾਂ ਵੀ ਦਿੱਤੀਆਂ ਅਤੇ ਕਿਹਾ ਕਿ ਕਿ੍ਰਪਾ ਕਰਕੇ ਤੁਸੀਂ ਬੈਠ ਜਾਓ। ਮਾਇਕ ਤੋਂ ਬੋਲਦਿਆਂ ਉਸ ਨੇ ਆਪਣੇ ਪ੍ਰਸ਼ੰਸਕਾਂ ਕੋਲੋਂ ਮੁਆਫੀ ਮੰਗੀ ਅਤੇ ਉਸ ਔਰਤ ਨੂੰ ਸੰਬੋਧਨ ਕਰਦਿਆਂ ਕਿਹਾ ਮੈਡਮ ਮੈਨੂੰ ਬੇਹੱਦ ਅਫਸੋਸ ਹੈ ਕਿ ਮੈਂ ਤੁਹਾਡੀ ਸੁਰੱਖਿਆ ਨਹੀਂ ਕਰ ਸਕਿਆ। ਕਾਸ਼ ਮੈਂ ਅਜਿਹਾ ਕਰ ਸਕਦਾ।




