Jul 11, 2025 3:54 PM - Connect Newsroom

ਦਿੱਲੀ ਹਾਈ ਕੋਰਟ ਨੇ ਉਦੈਪੁਰ ਫਾਈਲਜ਼ ਨਾਮੀ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਹੈ। ਇਹ ਫ਼ਿਲਮ 2022 'ਚ ਉਦੈਪੁਰ ਵਿਖੇ ਕਨ੍ਹਈਆ ਲਾਲ ਨਾਮੀ ਇਕ ਦਰਜੀ ਦੇ ਕਤਲ ਦੀ ਕਹਾਣੀ 'ਤੇ ਆਧਾਰਿਤ ਹੈ। ਅਦਾਲਤ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਸ ਫਿਲਮ 'ਤੇ ਪੱਕੇ ਤੌਰ ਤੇ ਪਾਬੰਦੀ ਲਾਉਣ ਸੰਬੰਧੀ ਪਟੀਸ਼ਨ ਦੀ ਬੇਨਤੀ 'ਤੇ ਵਿਚਾਰ ਨਹੀਂ ਕਰ ਲੈਂਦੀ ਉਦੋਂ ਤੱਕ ਫਿਲਮ ਰਿਲੀਜ਼ 'ਤੇ ਰੋਕ ਜਾਰੀ ਰਹੇਗੀ। ਇਸ ਫਿਲਮ 'ਚ ਵਿਜੇ ਰਾਜ ਨਾਮੀ ਅਭਿਨੇਤਾ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਇਸ ਨੂੰ 11 ਜੁਲਾਈ ਨੂੰ ਰਿਲੀਜ਼ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ।
ਹਾਈਕੋਰਟ ਦੇ ਚੀਫ਼ ਜਸਟਿਸ ਡੀਕੇ ਉਪਾਧਿਆਏ ਅਤੇ ਜਸਟਿਸ ਅਨੀਸ਼ ਦਿਆਲ 'ਤੇ ਆਧਾਰਿਤ ਬੈਂਚ ਨੇ ਪਟੀਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਦਰਖ਼ਾਸਤ 2 ਦਿਨਾਂ ਦੇ ਅੰਦਰ ਕੇਂਦਰ ਸਰਕਾਰ ਕੋਲ ਪੇਸ਼ ਕਰਨ। ਪਟੀਸ਼ਨਰਾਂ 'ਚ ਕਨ੍ਹਈਆ ਲਾਲ ਕਤਲ ਕੇਸ ਦੇ ਦੋਸ਼ੀ ਵੀ ਸ਼ਾਮਲ ਹਨ।




