Aug 26, 2024 5:55 PM - Connect Newsroom

ਪੰਜਾਬੀ ਅਦਾਕਾਰ ਦੇਵ ਖਰੌੜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ’ਬਲੈਕੀਆ’, ’ਰੁਪਿੰਦਰ ਗਾਂਧੀ’, ’ਡਾਕੂਆਂ ਦਾ ਮੁੰਡਾ’, ’ਕਾਕਾ ਜੀ’, ’ਡੀਐੱਸਪੀ ਦੇਵ’ ਵਰਗੀਆਂ ਫ਼ਿਲਮਾਂ ’ਚ ਆਪਣੀ ਅਦਾਕਾਰੀ ਦਾ ਨਾਲ ਦਰਸ਼ਕਾ ਦਾ ਦਿਲ ਜਿੱਤਿਆ ਹੈ। ਕਾਮੇਡੀਅਨ ਦੇ ਤੌਰ ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਦੇਵ ਖਰੌੜ ਅੱਜ ਫ਼ਿਲਮਾਂ ’ਚ ਆਪਣੇ ਵੱਖ-ਵੱਖ ਕਿਰਦਾਰਾਂ ਲਈ ਜਾਣੇ ਜਾਂਦੇ ਹਨ।
ਦੱਸ ਦੇਈਏ ਕਿ ਇਸ ਸਮੇਂ ਦੇਵ ਖਰੌੜ ਆਪਣੀ ਆਉਣ ਵਾਲੀ ਫ਼ਿਲਮ ’ਗਾਂਧੀ ਫੇਰ ਆਗਿਆ’ ਨੂੰ ਲੈ ਕੇ ਸੁਰਖੀਆਂ ’ਚ ਬਣੇ ਹੋਏ ਹਨ। ਉਨ੍ਹਾਂ ਦੀ ਇਹ ਫ਼ਿਲਮ ਜਲਦ ਹੀ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਇਸੇ ਵਿਚਾਲੇ ਉਨ੍ਹਾਂ ਨੇ ਮਸ਼ਹੂਰ ਗਾਇਕ ਬੀ ਪਰਾਕ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਦਰਅਸਲ, ਦੇਵ ਖਰੌੜ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਫ਼ਿਲਮ ’ਚ ਗੀਤ ਗਾਉਣ ਲਈ ਸਭ ਤੋਂ ਜ਼ਿਆਦਾ ਪੈਸੇ ਬੀ ਪਰਾਕ ਨੇ ਲਏ ਪਰ ਸੋਸ਼ਲ ਮੀਡੀਆ ’ਤੇ ਗੀਤ ਨੂੰ ਪ੍ਰਮੋਟ ਹੀ ਨਹੀਂ ਕੀਤਾ। ਇੱਕ ਰੀਲ ਪਾਉਣ ਲਈ ਕਿਹਾ ਸੀ ਉਹ ਵੀ ਫਾਰਮੈਲਟੀ ਲਈ ਪਾ ਦਿੱਤੀ। ਤੁਸੀਂ ਪਹਿਲਾਂ ਹੀ ਕਹਿ ਦਿਉਂ ਕਿ ਮੈਂ ਪ੍ਰਮੋਟ ਨਹੀਂ ਕਰਾਂਗਾ, ਮੈਂ ਸਿਰਫ਼ ਗੀਤ ਗਾਵਾਂਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਦਿਨ ਹਮੇਸ਼ਾ ਨਹੀਂ ਰਹਿਣੇ। ਕੋਈ ਵੀ ਸਦਾ ਸਟਾਰ ਬਣ ਕੇ ਨਹੀਂ ਰਹਿੰਦਾ।
ਦੱਸਣਯੋਗ ਹੈ ਕਿ ਸਾਲ 2015 ’ਚ ਦੇਵ ਖਰੌੜ ਦੀ ਫ਼ਿਲਮ ’ਰੁਪਿੰਦਰ ਗਾਂਧੀ’ ਰਿਲੀਜ਼ ਹੋਈ। ਇਸ ਫ਼ਿਲਮ ’ਚ ਉਨ੍ਹਾਂ ਦੇ ਧਮਾਕੇਦਾਰ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਜਿਸ ਤੋਂ ਬਾਅਦ ਇੰਡਸਟਰੀ ’ਚ ਉਹ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਣ ਲੱਗ ਪਏ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਛੋਟੇ ਪਰਦੇ ਤੇ ਥਿਏਟਰ ’ਚ ਵੀ ਕੰਮ ਕੀਤਾ। ਇੱਥੋ ਹੀ ਅਦਾਕਾਰੀ ਦੇ ਖੇਤਰ ’ਚ ਉਨ੍ਹਾਂ ਦੀ ਕਾਬਲੀਅਤ ਨਿਕਲ ਕੇ ਸਾਹਮਣੇ ਆਈ।




