May 30, 2022 12:37 PM - ANI

ਕੈਨੇਡੀਅਨ ਰੈਪਰ ਅਤੇ ਗੀਤਕਾਰ ਡਰੇਕ ਨੇ ਪੰਜਾਬੀ ਸੰਗੀਤਕਾਰ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇ ਵਾਲਾ ਦੀ ਮੌਤ 'ਤੇ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਕੇ ਦੁੱਖ ਪ੍ਰਗਟ ਕੀਤਾ ਹੈ।
ਡਰੇਕ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਮਰਹੂਮ ਰੈਪਰ-ਗਾਇਕ ਦੀ ਯਾਦ ਵਿੱਚ ਇੱਕ ਕਹਾਣੀ ਸਾਂਝੀ ਕੀਤੀ। ਇਸ ਵਿੱਚ ਮੂਸੇ ਵਾਲਾ ਦੀ ਆਪਣੀ ਮਾਂ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ, ਜਿਸ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ, "RIP MOOSE @sidhu moosewala.”
ਡਰੇਕ ਉਨ੍ਹਾਂ ਕਈ ਮਿਲੀਅਨ ਫਾਲੋਅਰਜ਼ ਵਿਚੋਂ ਇਕ ਸੀ ਜੋ ਮੂਸੇ ਵਾਲਾ ਦੇ ਇੰਸਟਾਗ੍ਰਾਮ 'ਤੇ ਫਾਲੋ ਸਨ।
ਐਤਵਾਰ ਸ਼ਾਮ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਮੂਸੇ ਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਇਹ ਘਟਨਾ ਪੰਜਾਬ ਪੁਲਿਸ ਵੱਲੋਂ ਪੰਜਾਬੀ ਸੰਗੀਤਕਾਰ ਸਮੇਤ 424 ਵਿਅਕਤੀਆਂ ਦਾ ਸੁਰੱਖਿਆ ਕਵਰ ਵਾਪਸ ਲੈਣ ਦੇ ਦੋ ਦਿਨ ਬਾਅਦ ਵਾਪਰੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਪਿਛਲੇ ਸਾਲ ਦਸੰਬਰ 2021 'ਚ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਸਨ।
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਦੋ ਕਾਰਾਂ ਨੂੰ ਮਾਨਸਾ ਵਿੱਚ ਗੋਲੀ ਮਾਰ ਕੇ ਕਤਲ ਕਰਨ ਤੋਂ ਕੁਝ ਪਲ ਪਹਿਲਾਂ ਮੂਸੇ ਵਾਲਾ ਦੀ ਗੱਡੀ ਦਾ ਪਿੱਛਾ ਕਰਦੇ ਹੋਏ ਦਿਖਾਇਆ ਗਿਆ ਹੈ। ਹਾਲਾਂਕਿ, ਇਸ ਵੀਡੀਓ ਦੀ ਅਜੇ ਤੱਕ ਰਾਜ ਦੀ ਪੁਲਿਸ ਦੁਆਰਾ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਸ ਦੌਰਾਨ ਪਰਮੀਸ਼ ਵਰਮਾ, ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਸਮੇਤ ਕਈ ਪੰਜਾਬੀ ਕਲਾਕਾਰਾਂ ਨੇ ਵੀ ਮੂਸੇ ਵਾਲਾ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ।




