Aug 8, 2022 12:29 PM - ANI

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਇੰਟਰਨੈਸ਼ਨਲ ਰੈਪਰ ਅਤੇ ਗਾਇਕ ਡਰੇਕ ਨੇ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਡਰੇਕ ਨੇ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀਆਂ ਟੀ-ਸ਼ਰਟਾਂ ਲਾਂਚ ਕਰਨਗੇ।
ਗੌਰਤਲਬ ਹੈ ਕਿ ਕੁਝ ਸਮਾਂ ਪਹਿਲਾਂ ਟੋਰਾਂਟੋ ਵਿਚ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਓਹੀ ਟੀ-ਸ਼ਰਟ ਪਾਈ ਹੋਈ ਸੀ। ਇਨ੍ਹਾਂ ਟੀ-ਸ਼ਰਟਾਂ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਜਾਵੇਗੀ, ਜੋ ਆਪਣੇ ਹਿਸਾਬ ਨਾਲ ਫੰਡ ਦਾਨ ਕਰ ਸਕਣਗੇ।
ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀਆਂ ਟੀ-ਸ਼ਰਟਾਂ ਦੀ ਪ੍ਰੀ-ਬੁਕਿੰਗ ਇੰਟਰਨੈਸ਼ਨਲ ਰੈਪਰ ਡਰੇਕ ਦੀ ਵੈੱਬਸਾਈਟ 'ਡ੍ਰੇਕ ਰਿਲੇਟਿਡ' 'ਤੇ ਸ਼ੁਰੂ ਹੋ ਚੁੱਕੀ ਹੈ। ਇਸ ਟੀ-ਸ਼ਰਟ ਦੀ ਕੀਮਤ 65 ਅਮਰੀਕੀ ਡਾਲਰ ਰੱਖੀ ਗਈ ਹੈ, ਜੋ ਲਗਭਗ 5,000 ਰੁਪਏ ਬਣਦੀ ਹੈ।
ਡਰੇਕ ਨੇ ਸਿੱਧੂ ਮੂਸੇਵਾਲਾ ਨੂੰ 2020 ਵਿਚ ਇੰਸਟਾਗ੍ਰਾਮ 'ਤੇ ਫੋਲੋ ਕਰਨਾ ਸ਼ੁਰੂ ਕੀਤਾ ਸੀ। ਇਸ ਸਾਲ ਦੇ ਸ਼ੁਰੂ ਵਿਚ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਡਰੇਕ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਨ੍ਹਾਂ ਦੇ ਸਨਮਾਨ ਵਿਚ ਇੱਕ ਸਟੋਰੀ ਪੋਸਟ ਕਰਕੇ ਦੁੱਖ ਪ੍ਰਗਟ ਕੀਤਾ ਸੀ। ਗੌਰਤਲਬ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਪੁਲਿਸ ਵੱਲੋਂ ਇਸ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਸੀ।




