Aug 14, 2024 5:06 PM - Connect Newsroom

ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ। ਜਿਸ ਨੂੰ ਕਾਫੀ ਚੰਗੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਟ੍ਰੇਲਰ ਲੋਕਾਂ ਨੂੰ ਕਾਫੀ ਖਿੱਚ ਰਿਹਾ ਹੈ ਅਤੇ ਪ੍ਰਸ਼ੰਸਕ ਤਾਂ ਫਿਲਮ ਉਤੇ ਲਾਲ ਦਿਲ ਦੇ ਇਮੋਜੀ ਵੀ ਸਾਂਝੇ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, ‘ਬਹੁਤ ਜ਼ਿਆਦਾ ਸੋਹਣਾ ਅਤੇ ਰੂਹ ਨੂੰ ਸਕੂਨ ਦੇਣ ਵਾਲਾ ਟ੍ਰੇਲਰ ਰਿਲੀਜ਼ ਹੋਇਆ, ਵਾਹਿਗੁਰੂ ਅੱਗੇ ਅਰਦਾਸ ਹੈ, ਇਨ੍ਹਾਂ ਦੀ ਮਿਹਨਤ ਸਫਲ ਹੋਵੇ।’’ ਇੱਕ ਹੋਰ ਨੇ ਲਿਖਿਆ, ‘ਰਾਣੀ ਜੈਸਮੀਨ ਭਸੀਨ ਹਮੇਸ਼ਾ ਵਾਂਗ ਪਾਲੀਵੁੱਡ ਦੇ ਦਿਲਾਂ ’ਤੇ ਰਾਜ ਕਰਨ ਆ ਰਹੀ ਹੈ, ਉਹ ਆਪਣੀ ਮਿਹਨਤ ਦੇ ਸਾਰੇ ਪਿਆਰ ਦੀ ਹੱਕਦਾਰ ਹੈ। ਜੈਸਮੀਨ ਲਵ ਯੂ...ਫਿਲਮ ਲਈ ਉਤਸ਼ਾਹਿਤ ਹਾਂ, ਇੰਤਜ਼ਾਰ ਨਹੀਂ ਕਰ ਸਕਦੇ।’’ ਇੱਕ ਹੋਰ ਨੇ ਲਿਖਿਆ, ’’ਏਦਾਂ ਦੀਆਂ ਫਿਲਮਾਂ ਦੀ ਪੰਜਾਬ ਨੂੰ ਲੋੜ ਹੈ, ਇਸ ਲਈ ਆਪਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਫਿਲਮ ਨੂੰ ਵੱਧ ਤੋਂ ਵੱਧ ਸਪੋਰਟ ਕਰੀਏ ਤਾਂ ਜੋ ਅੱਗੇ ਵੀ ਇੱਦਾਂ ਦੀਆਂ ਫਿਲਮਾਂ ਬਣਦੀਆਂ ਰਹਿਣ।’’
ਤੁਹਾਨੂੰ ਦੱਸ ਦੇਈਏ ਕਿ ਸਾਲ 2016 ’ਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫਿਲਮ ‘ਅਰਦਾਸ’ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਬਾਕਸ ਆਫਿਸ ’ਤੇ ਸਫਲਤਾ ਮਿਲਣ ਤੋਂ ਬਾਅਦ ਇਸ ਦੇ ਦੂਜੇ ਭਾਗ ‘ਅਰਦਾਸ ਕਰਾਂ’ ਨੂੰ ਵੀ ਮਨੋਰੰਜਨ ਲਈ ਸਾਲ 2019 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਗਿਆ ਸੀ। ਹੁਣ ਦਰਸ਼ਕ ਅਰਦਾਸ ਦੇ ਤੀਜੇ ਭਾਗ ਭਾਵ ‘ਅਰਦਾਸ ਸਰਬੱਤ ਦੇ ਭਲੇ ਦੀ’ ਉਡੀਕ ਕਰ ਰਹੇ ਸਨ। ਜੋ ਕਿ 13 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।




