Sep 9, 2024 3:47 PM - Connect Newsroom

ਉੱਘੇ ਕਾਮੇਡੀ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਲੋਕਾਂ ਨੂੰ ਜਾਅਲੀ ਬਾਬਿਆਂ ਤੋਂ ਸਾਵਧਾਨ ਕਰਦਿਆਂ ਕਿਹਾ ਕਿ ਇਹ ਸਿਰਫ਼ ਆਪਣੇ ਏਜੰਡੇ ਅਨੁਸਾਰ ਅਤੇ ਆਪਣੇ ਲਾਭ ਲਈ ਕੰਮ ਕਰਦੇ ਹਨ। ਕਿਸੇ ਦਾ ਕੋਈ ਭਲਾ ਨਹੀ ਕਰ ਸਕਦੇ। ਗੁਰਪ੍ਰੀਤ ਘੁੱਗੀ ਕੈਨੇਡਾ ’ਚ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਬਾਰੇ ਕੁਨੈਕਟ ਐੱਫ.ਐੱਮ.ਕੈਨੇਡਾ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ’ਚ ਅਜਿਹੇ ਅਖੌਤੀ ਬਾਬਿਆਂ ਦਾ ਬੜਾ ਰੁਝਾਨ ਚਲ ਰਿਹਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੁਝ ਪੰਜਾਬੀ ਕਲਾਕਾਰ ਵੀ ਇਨ੍ਹਾਂ ਅਖੌਤੀ ਬਾਬਿਆਂ ਦਾ ਆਸ਼ੀਰਵਾਦ ਲੈਣ ਜਾਂਦੇ ਹਨ ਤਾਂ ਘੁੱਗੀ ਨੇ ਮਸ਼ਕਰੀ ਭਰਿਆ ਹਾਸਾ ਹਸਦਿਆਂ ਕਿਹਾ ਕਿ ਅਜਿਹੇ ਕਲਾਕਾਰ ਖੁਦ ਲਾਭ ਪ੍ਰਾਪਤ ਕਰਨ ਦੀ ਬਜਾਏ ਅਜਿਹੇ ਬਾਬਿਆਂ ਦੀ ਸ਼ੋਸ਼ਣ ਬਾਜ਼ੀ ਵਾਲੀ ਪਰਵਿਰਤੀ ਨੂੰ ਸ਼ਹਿ ਦਿੰਦੇ ਹਨ। ਇਹ ਅਖੌਤੀ ਧਾਰਿਮਕ ਗੁਰੂ ਤਾਂ ਲੋਕਾਂ ਨੂੰ ਧੋਖਾ ਦਿੰਦੇ ਹਨ ਅਤੇ ਪੰਜਾਬੀ ਕਲਾਕਾਰਾਂ ਨੂੰ ਅਜਿਹੇ ਠੱਗਾਂ ਤੋਂ ਖ਼ੁਦ ਨੂੰ ਦੂਰ ਰੱਖਣਾ ਚਾਹੀਦਾ ਹੈ।




