May 10, 2024 6:04 PM - Connect Newsroom

ਅਦਾਕਾਰ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਆਉਣ ਵਾਲੀ ਫਿਲਮ ‘ਜੱਟ ਐਂਡ ਜੂਲੀਅਟ 3’ 28 ਜੂਨ ਨੂੰ ਦੁਨੀਆ ਭਰ ਦੇ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ। ਜਾਣਕਾਰੀ ਮੁਤਾਬਿਕ ਇਸ ਫਿਲਮ ’ਚ ਤਿਕੜੀ ਦੇ ਸਿਤਾਰੇ ਦਿਲਜੀਤ ਦੋਸਾਂਝ, ਨੀਰੂ ਬਾਜਵਾ ਅਤੇ ਹੋਰ ਨਾਮਵਰ ਪੰਜਾਬੀ ਅਦਾਕਾਰ ਸ਼ਾਮਲ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ’ਚ ਪੰਜਾਬੀ ਗੀਤਕਾਰ ਜਾਨੀ ਵਲੋਂ ਲਿਖੇ ਵਿਸ਼ੇਸ਼ ਗੀਤ ਵੀ ਸ਼ਾਮਲ ਹਨ ਅਤੇ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਫਿਲਮ ’ਚ ਜਾਨੀ ਦਾ ਰੋਲ ਵੀ ਹੋ ਸਕਦਾ ਹੈ।
ਨੀਰੂ ਬਾਜਵਾ ਵਲੋਂ ਇਨ੍ਹਾਂ ਪੋਸਟਰਾਂ ਨੂੰ ਸਾਂਝਾ ਕਰਦੇ ਹੋਏ ਫਿਲਮ ਦੀ ਮੁੱਖ ਅਦਾਕਾਰਾ ਨੀਰੂ ਬਾਜਵਾ ਨੇ ਲਿਖਿਆ ਹੈ, ‘ਲਓ ਜੀ ਹੋ ਜੋ ਤਿਆਰ, ਡੂਮਨਾ ਤੇ ਡੰਗਰ ਆ ਰਹੇ ਨੇ 28 ਜੂਨ ਨੂੰ ਸਿਨੇਮਾਘਰਾਂ ਵਿੱਚ, ਫਹਿਤ ਅਤੇ ਪੂਜਾ ਵਾਪਿਸ ਆ ਰਹੇ ਨੇ...ਜੱਟ ਐਂਡ ਜੂਲੀਅਟ 3।’ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚੋਂ ਦੋ ਵਿੱਚ ਦੋਵੇਂ ਕਲਾਕਾਰ ਪੁਲਿਸ ਦੀ ਵਰਦੀ ਵਿੱਚ ਨਜ਼ਰ ਆ ਰਹੇ ਹਨ ਅਤੇ ਬਾਕੀ ਇੱਕ ਵਿੱਚ ਦੋਵੇਂ ਸਾਧਾਰਨ ਕੱਪੜਿਆਂ ਵਿੱਚ ਨਜ਼ਰੀ ਪੈ ਰਹੇ ਹਨ।
ਦੱਸ ਦੇਈਏ ਕਿ ਅਨੁਰਾਗ ਸਿੰਘ ਦੁਆਰਾ ਨਿਰਦੇਸ਼ਿਤ ਇੱਕ ਰੋਮਾਂਟਿਕ ਕਾਮੇਡੀ ਫਿਲਮ ‘ਜੱਟ ਐਂਡ ਜੂਲੀਅਟ’ ਪਹਿਲੀ ਵਾਰ 2012 ਵਿੱਚ ਰਿਲੀਜ਼ ਹੋਈ ਸੀ। ਇੱਕ ਸਾਲ ਬਾਅਦ ਦੂਜਾ ਭਾਗ ਜਾਰੀ ਕੀਤਾ ਗਿਆ ਸੀ, ਦੂਜੀ ਵਾਰ ਵੀ ਦਿਲਜੀਤ ਅਤੇ ਨੀਰੂ ਦੇ ਕਿਰਦਾਰਾਂ ਨੂੰ ਪੇਸ਼ ਕੀਤਾ ਗਿਆ ਸੀ, ਪਰ ਕਹਾਣੀ ਨੂੰ ਪਿਛਲੀ ਫਿਲਮ ਨਾਲ ਸਿੱਧਾ ਨਹੀਂ ਜੋੜਿਆ ਗਿਆ ਸੀ। ਹੁਣ ਸਰੋਤਿਆਂ ਦੀ ਨਜ਼ਰ ਇਸ ਫਿਲਮ ਉਤੇ ਹੋਵੇਗੀ। ਇਸ ਫਿਲਮ ਨੂੰ ਲਿਖਿਆ ਜਗਦੀਪ ਸਿੱਧੂ ਨੇ ਹੈ ਅਤੇ ਇਸ ਦਾ ਨਿਰਦੇਸ਼ਨ ਵੀ ਜਗਦੀਪ ਸਿੱਧੂ ਨੇ ਹੀ ਕੀਤਾ ਹੈ।




