Aug 3, 2022 12:29 PM - Agencies

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਗੀਤਕਾਰ ਜਾਨੀ ਅਤੇ ਉਸ ਦੇ ਮੈਨੇਜਰ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਾਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਹੈ ਅਤੇ ਮਾਨਸਿਕ ਪ੍ਰੇਸ਼ਾਨੀ ਬਾਰੇ ਵੀ ਲਿਖਿਆ ਹੈ।
ਇਸ ਦੇ ਨਾਲ ਹੀ ਜਾਨੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਦੇਸ਼ ਛੱਡ ਦਿੱਤਾ ਹੈ।
ਜਾਨੀ ਨੇ ਚਿੱਠੀ ਵਿਚ ਲਿਖਿਆ, "ਮੈਨੂੰ ਤੇ ਮੇਰੇ ਮੈਨੇਜਰ ਦਿਲਰਾਜ ਸਿੰਘ ਨੂੰ ਸਮਾਜ ਵਿਰੋਧੀ ਅਨਸਰਾਂ, ਗੈਂਗਸਟਰਾਂ ਵੱਲੋਂ ਕਈ ਵਾਰ ਧਮਕੀ ਭਰੇ ਫੋਨ ਆਏ ਹਨ ਅਤੇ ਇਸ ਸਬੰਧੀ ਐੱਸ. ਪੀ. ਮੁਹਾਲੀ, ਸੂਬਾ ਪ੍ਰਸ਼ਾਸਨ, ਐੱਸ. ਏ. ਐੱਸ. ਨਗਰ (ਮੁਹਾਲੀ) ਨੂੰ ਵੀ ਜਾਣਕਾਰੀ ਦਿੱਤੀ ਗਈ ਸੀ। ਇਸ ਮਾਮਲੇ ਵਿਚ ਮੈਂ ਹਮੇਸ਼ਾ ਪੰਜਾਬ ਪੁਲਿਸ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਹੈ।''
ਜਾਨੀ ਨੇ ਮੁੱਖ ਮੰਤਰੀ ਮਾਨ ਨੂੰ ਲਿਖੀ ਚਿੱਠੀ ਵਿਚ ਸਿੱਧੂ ਮੂਸੇਵਾਲਾ ਦੇ ਕਤਲ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਲਿਖਿਆ, ''ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਹੋਏ ਕਤਲ ਨੂੰ ਦੇਖ ਕੇ ਪੰਜਾਬ ਦੀਆਂ ਵੱਖ-ਵੱਖ ਆਊਟਡੋਰ ਲੋਕੇਸ਼ਨਾਂ 'ਤੇ ਫਿਲਮ ਦੀ ਸ਼ੂਟਿੰਗ ਕਰਨਾ ਡਰਾਵਣਾ ਲੱਗ ਰਿਹਾ ਹੈ ਅਤੇ ਮੈਨੂੰ ਸ਼ੂਟਿੰਗ ਤੇ ਆਪਣੇ ਰੋਜ਼ਾਨਾ ਪੇਸ਼ੇਵਰ ਜਾਂ ਨਿੱਜੀ ਕੰਮ ਲਈ ਕਿਸੇ ਆਊਟਡੋਰ ਲੋਕੇਸ਼ਨ 'ਤੇ ਜਾਣਾ ਸੱਚਮੁੱਚ ਮੁਸ਼ਕਲ ਲੱਗ ਰਿਹਾ ਹੈ।'' ਜਾਨੀ ਨੇ ਮੁੱਖ ਮੰਤਰੀ ਮਾਨ ਨੂੰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ।




