Nov 7, 2022 1:43 PM - Agencies

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਵਾਰ' 8 ਨਵੰਬਰ ਨੂੰ ਰਿਲੀਜ਼ ਹੋਵੇਗਾ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਕੁਝ ਸਮੇਂ ਬਾਅਦ ‘ਐੱਸ. ਵਾਈ. ਐੱਲ.’ ਗੀਤ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਬਾਅਦ ’ਚ ਯੂ-ਟਿਊਬ ਤੋਂ ਬੈਨ ਕਰ ਦਿੱਤਾ ਗਿਆ ਸੀ। ਇਸ ਗੀਤ ਨੂੰ ਦੋ ਦਿਨਾਂ ਵਿਚ ਹੀ 25 ਮਿਲੀਅਨ ਵਿਊਜ਼ ਮਿਲੇ ਸਨ ਤੇ ਬਿਲਬੋਰਡ ਰਿਕਾਰਡ ਲਿਸਟ ਵਿਚ ਇਸ ਗੀਤ ਨੇ ਆਪਣੀ ਜਗ੍ਹਾ ਬਣਾਈ ਸੀ।
ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਵੱਲੋਂ ਰਿਕਾਰਡ ਕੀਤਾ ਗਿਆ ‘ਵਾਰ’ ਦੂਜਾ ਗੀਤ ਹੈ, ਜੋ ਰਿਲੀਜ਼ ਕੀਤਾ ਜਾ ਰਿਹਾ ਹੈ।
ਇਸ ਗੀਤ ਨੂੰ ਲੈ ਕੇ ਮੂਸੇਵਾਲਾ ਦੀ ਟੀਮ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕਰਦਿਆਂ ਜਾਣਕਾਰੀ ਦਿੱਤੀ। ਦੱਸ ਦਈਏ ਕਿ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਵਿਖੇ ਕਤਲ ਕਰ ਦਿੱਤਾ ਗਿਆ ਸੀ।
ਮੂਸੇਵਾਲਾ ਨੇ 2016 ਵਿਚ ਗੀਤ ਲਿਖਣੇ ਸ਼ੁਰੂ ਕੀਤੇ ਸਨ ਤੇ 2017 ਵਿਚ ਗਾਇਕ ਵਜੋਂ ਉਸ ਨੇ ਸੰਗੀਤ ਦੀ ਦੁਨੀਆ ਵਿਚ ਕਦਮ ਰੱਖਿਆ ਸੀ। 'ਸੋ ਹਾਈ' ਗੀਤ ਰਾਹੀਂ ਮੂਸੇਵਾਲਾ ਹਰ ਇਕ ਦਾ ਪਸੰਦੀਦਾ ਗਾਇਕ ਬਣ ਗਿਆ ਸੀ। 2018 ਵਿਚ ਉਸ ਨੇ ਆਪਣੀ ਐਲਬਮ PBX 1 ਰਿਲੀਜ਼ ਕੀਤੀ, ਜੋ ਕੈਨੇਡੀਅਨ ਬਿਲਬੋਰਡ ਚਾਰਟ ਵਿਚ 66ਵੇਂ ਨੰਬਰ 'ਤੇ ਆਪਣਾ ਥਾਂ ਬਣਾ ਸਕੀ ਸੀ।




