Aug 8, 2022 12:26 PM - Agencies

ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਵਿਚ ਭੂਆ ਦਾ ਰੋਲ ਨਿਭਾਉਣ ਵਾਲੀ ਅਦਾਕਾਰ ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ 'ਤੇ ਇਕਰਾਰਨਾਮੇ ਦੀ ਉਲੰਘਣਾ ਕਰਨ ਲਈ ਸਿਵਲ ਮੁਕੱਦਮਾ ਦਾਇਰ ਕੀਤਾ ਹੈ। ਇਹ ਮੁਕੱਦਮਾ ਵਕੀਲ ਕਰਨ ਸਚਦੇਵਾ ਅਤੇ ਇਰਵਨ ਨੀਤ ਕੌਰ ਵੱਲੋਂ ਸਥਾਨਕ ਅਦਾਲਤ ਵਿਚ ਦਾਇਰ ਕੀਤਾ ਗਿਆ ਹੈ।
ਉਨ੍ਹਾਂ ਹਰਨਾਜ਼ ਕੌਰ ਸੰਧੂ 'ਤੇ ਇਕਰਾਰਨਾਮੇ ਅਨੁਸਾਰ, ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਾ ਕਰਨ ਲਈ 1 ਕਰੋੜ ਰੁਪਏ ਦਾ ਦਾਅਵਾ ਠੋਕਿਆ ਹੈ।
ਉਪਾਸਨਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਰਨਾਜ਼ ਨੂੰ ਆਪਣੇ ਬੈਨਰ “ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਐੱਲਐੱਲਪੀ” ਹੇਠ 2020 ਵਿਚ ਪੰਜਾਬੀ ਫਿਲਮ “ਬਾਈ ਜੀ ਕੁੱਟਾਂਗੇ” ਲਈ ਮੁੱਖ ਕਲਾਕਾਰ ਵਜੋਂ ਸਾਈਨ ਕੀਤਾ ਸੀ।
2019 ਵਿਚ ਹਰਨਾਜ਼ ਨੇ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਸੀ। 13 ਦਸੰਬਰ, 2020 ਨੂੰ ਕੀਤੇ ਗਏ ਇੱਕ ਸਮਝੌਤੇ ਰਾਹੀਂ ਸਬੰਧਤ ਧਿਰਾਂ ਨੇ ਸਹਿਮਤੀ ਦਿੱਤੀ ਸੀ ਕਿ ਕਲਾਕਾਰ ਨਿੱਜੀ ਅਤੇ ਵਰਚੁਆਲੀ ਤੌਰ 'ਤੇ ਫਿਲਮ ਦੀਆਂ ਪ੍ਰਚਾਰ ਗਤੀਵਿਧੀਆਂ ਵਿਚ ਸ਼ਾਮਲ ਹੋਣਗੇ।
13 ਦਸੰਬਰ, 2021 ਨੂੰ ਹਰਨਾਜ਼ ਮਿਸ ਯੂਨੀਵਰਸ ਚੁਣੀ ਗਈ। ਮਾਰਚ 2022 ਵਿਚ ਡਾਇਰੈਕਟਰ ਸਮੀਪ ਕੰਗ ਨੇ ਹਰਨਾਜ਼ ਨੂੰ ਫਿਲਮ 27 ਮਈ ਨੂੰ ਰਿਲੀਜ਼ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਟੀਮ 7 ਮਈ ਤੋਂ ਪ੍ਰੋਮੋਸ਼ਨ ਸ਼ੁਰੂ ਕਰੇਗੀ। ਹਾਲਾਂਕਿ, ਹਰਨਾਜ਼ ਨੇ ਕਿਸੇ ਗਤੀਵਿਧੀ ਵਿਚ ਹਿੱਸਾ ਨਹੀਂ ਲਿਆ। ਇਸ ਦੇ ਨਤੀਜੇ ਵਜੋਂ ਫਿਲਮ ਨੂੰ ਡਿਸਟ੍ਰੀਬਿਊਟਰ ਨਹੀਂ ਮਿਲੇ ਅਤੇ ਫਿਲਮ ਦੀ ਰਿਲੀਜ਼ ਤਾਰੀਖ਼ 19 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ। ਉਪਾਸਨਾ ਨੇ ਸਿੰਘ ਨੇ ਦਾਅਵਾ ਕੀਤਾ ਕਿ ਹਰਨਾਜ਼ ਦੇ ਵਿਵਹਾਰ ਕਾਰਨ ਉਨ੍ਹਾਂ ਨੂੰ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ।
ਉਪਾਸਨਾ ਸਿੰਘ ਨੇ ਕਿਹਾ ਕਿ ਹਰਨਾਜ਼ ਦੇ ਤੌਰ-ਤਰੀਕੇ ਨੇ ਉਨ੍ਹਾਂ ਨੂੰ ਕੇਸ ਦਰਜ ਕਰਨ ਲਈ ਮਜਬੂਰ ਕੀਤਾ।




