Dec 2, 2024 1:50 PM - Connect Newsroom

ਗੋਆ ਦੀ ਰਮਨੀਕ ਸਰ ਜ਼ਮੀਨ ਉੱਤੇ ਹੋਏ 55ਵੇਂ ਕੌਮਾਂਤਰੀ ਭਾਰਤੀ ਫਿਲਮ ਫੈਸਟੀਵਲ 2024 ਪਿਛਲੇ ਦਿਨੀਂ ਬਣੇ ਸ਼ਾਨੋ ਸ਼ੋਕਤ ਨਾਲ ਸੰਪੂਰਨ ਹੋਇਆ। 28 ਨਵੰਬਰ ਨੂੰ ਸਿਤਾਰਿਆਂ ਨਾਲ ਜੜੇ ਇਸ ਦੇ ਸਮਾਪਤੀ ਸਮਾਰੋਹ ਦੇ ਨਜ਼ਾਰੇ ਡਾ. ਸ਼ਾਮਾ ਪ੍ਰਸਾਦ ਮੁਕਰਜੀ ਸਟੇਡੀਅਮ ਗੋਆ ’ਚ ਦੇਖਣ ਵਾਲੇ ਸਨ। 4 ਹਜ਼ਾਰ ਤੋਂ ਵੱਧ ਫਿਲਮ ਪ੍ਰੇਮੀਆਂ ਅਤੇ ਫਿਲਮੀ ਸ਼ਖਸੀਅਤਾਂ ਦੀ ਮੌਜੂਦਗੀ ਨੇ ਇਸ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।
ਇਸ ਮੌਕੇ ’ਤੇ ਆਯੋਜਿਤ ਐਵਾਰਡ ਸਮਾਰੋਹ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਖਾਸ ਇਸ ਕਰਕੇ ਵੀ ਸੀ ਕਿਉਂਕਿ ਵਿਕਰਾਂਤ ਮੈਸੀ ਨੂੰ ਇਸ ਸਾਲ ਦੀ ਭਾਰਤੀ ਫਿਲਮ ਸ਼ਖਸੀਅਤ ਦੇ ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੈਸੀ ਨੇ ਆਪਣੀਆਂ ਭਾਵਨਾਵਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਮੈਂ ਇਸ ਫਿਲਮ ਫੈਸਟੀਵਲ ’ਚ ਅਕਸਰ ਹਾਜ਼ਰੀ ਭਰਦਾ ਹਾਂ ਅਤੇ ਇਸ ਗੱਲ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਕਿ ਜਿੰਨਾ ਪਿਆਰ ਮੈਨੂੰ ਇੱਥੇ ਮਿਲਦਾ ਹੈ ਉਨਾ ਹੋਰ ਕਿਤੇ ਵੀ ਨਹੀਂ। ਉਸ ਨੇ ਕਿਹਾ ਕਿ ਸਾਨੂੰ ਅਜਿਹੇ ਸਮਾਗਮ ਨਿਰੰਤਰ ਜਾਰੀ ਰੱਖਣੇ ਚਾਹੀਦੇ ਹਨ ਅਤੇ ਜੋਸ਼ੋਖਰੋਸ਼ ਨਾਲ ਇਨ੍ਹਾਂ ਦਾ ਆਯੋਜਨ ਕਰਨਾ ਚਾਹੀਦਾ ਹੈ।
ਉਸ ਨੇ ਅਭਿਨੈ ਦੇ ਖ਼ੇਤਰ ’ਚ ਨਵੇਂ ਆਉਣ ਵਾਲੇ ਲੋਕਾਂ ਨੂੰ ਕਿਹਾ ਕਿ ਆਪਣੇ ਕਪੱੜਿਆਂ ਜਾਂ ਇੰਗਲਿਸ਼ ਸਟਾਇਲ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਅੰਦਰਲੀ ਕਲਾ ਅਤੇ ਕੰਮ ਦੀ ਪਵਿੱਤਰਤਾ ਨੂੰ ਪਛਾਨਣ ਦੀ ਕੋਸ਼ਿਸ਼ ਕਰੋ।




