Aug 14, 2024 4:28 PM - The Canadian Press

ਵੈਨਕੂਵਰ ਵਿਚ 13 ਫਲਸਤੀਨ ਸਮਰਥਕਾਂ ਨੂੰ ਰੇਲਵੇ ਲਾਈਨ ਰੋਕਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਅਸਲ ਵਿਚ ਪਿਛਲੇ ਸਾਲ ਮਈ ਵਿਚ ਵੈਨਕੂਵਰ ਕੈਨੇਡੀਅਨ ਨੈਸ਼ਨਲ ਰੇਲਵੇ ਲਾਈਨ ਨੂੰ ਗੈਰ-ਕਾਨੂੰਨੀ ਪ੍ਰਦਰਸ਼ਨ ਦੌਰਾਨ ਕਈ ਘੰਟਿਆਂ ਤੱਕ ਰੋਕਣ ਦੇ ਦੋਸ਼ ’ਚ 13 ਲੋਕਾਂ ’ਤੇ ਸ਼ਰਾਰਤ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਵੈਨਕੂਵਰ ਪੁਲਿਸ ਡਿਪਾਰਮੈਂਟ ਨੇ ਦੱਸਿਆ ਕਿ ਬੀ.ਸੀ. ਪ੍ਰੋਸੀਕਿਊਸ਼ਨ ਸਰਵਿਸ ਨੇ 31 ਮਈ ਨੂੰ ਫਲਸਤੀਨ ਸਮਰਥਕ ਪ੍ਰਦਰਸ਼ਨ ਦੀ ਪੁਲਿਸ ਜਾਂਚ ਤੋਂ ਬਾਅਦ ਸੋਮਵਾਰ ਨੂੰ ਦੋਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਵਾਲੀ ਥਾਂ ’ਤੇ ਕਾਰਵਾਈ ਕੀਤੀ ਜਿੱਥੇ 100 ਪ੍ਰਦਰਸ਼ਨਕਾਰੀ ਪੂਰਬੀ ਵੈਨਕੂਵਰ ਦੇ ਗ੍ਰੈਂਡਵਿਊ ਹਾਈਵੇਅ ’ਤੇ ਰੇਲ ਲਾਈਨ ਅਤੇ ਆਵਾਜਾਈ ਨੂੰ ਰੋਕ ਰਹੇ ਸਨ।
ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਣ ਦੀਆਂ ਕਈ ਬੇਨਤੀਆਂ ਕਰਨ ਦੇ ਬਾਵਜੂਦ ਉਹ ਉਥੋਂ ਨਹੀਂ ਹਟੇ ਅਤੇ ਉਨ੍ਹਾਂ ਵਿਚੋਂ ਕਈ ਤਾਂ ਪੁਲਿਸ ਨਾਲ ਵੀ ਉਲਝ ਗਏ। ਪ੍ਰਦਰਸ਼ਨ ਦੌਰਾਨ ਅਸਲ ਵਿੱਚ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਹਾਲਾਂਕਿ ਵਿਭਾਗ ਅਨੁਸਾਰ ਹੁਣ 13 ਬਾਲਗਾਂ ’ਤੇ ਦੋਸ਼ ਤੈਅ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਵਾਲੇ ਦਿਨ ਇਕ ਪ੍ਰੈਸ ਬਿਆਨ ਜਾਰੀ ਕਰਕੇ ਗਾਜ਼ਾ ਵਿਚ ਯੁੱਧ ਲਈ ਇਜ਼ਰਾਈਲ ਵਿਰੁੱਧ ਪਾਬੰਦੀਆਂ ਦੀ ਮੰਗ ਕੀਤੀ ਸੀ।




