Sep 16, 2026 7:16 PM - Connect Newsroom - Ramandeep Kaur

ਬੀਸੀ ਆਰ.ਸੀ.ਐਮ.ਪੀ. ਦੀ ਮੇਜਰ ਕ੍ਰਾਈਮ ਯੂਨਿਟ ਨੇ ਫੋਰਟ ਸੇਂਟ ਜੇਮਜ਼ ਵਿਚ ਇੱਕ 30 ਸਾਲਾ ਮਹਿਲਾ ਦੀ ਮੌਤ ਨੂੰ ਸ਼ੱਕੀ ਕਰਾਰ ਦਿੱਤਾ ਹੈ, ਜਿਸ ਦੀ ਪਛਾਣ Dayna Monk ਵਜੋਂ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਜਾਂਚ ਲਈ ਜਨਤਾ ਪਾਸੋਂ ਮਦਦ ਦੀ ਅਪੀਲ ਕੀਤੀ ਗਈ ਹੈ।
ਫੋਰਟ ਸੇਂਟ ਜੇਮਜ਼ ਆਰ.ਸੀ.ਐਮ.ਪੀ. ਮੁਤਾਬਕ, 31 ਮਈ ਨੂੰ ਸ਼ਹਿਰ ਦੇ Stuart Drive ਦੇ 400-ਬਲੌਕ ਵਿਚ ਸਥਿਤ ਇੱਕ ਘਰ ਵਿਚ ਐਮਰਜੈਂਸੀ ਹੈਲਥ ਸਰਵਿਸ ਦੀਆਂ ਟੀਮਾਂ ਨੂੰ ਦਿਲ ਦਾ ਦੌਰਾ ਪੈਣ ਦੀਆਂ ਰਿਪੋਰਟਸ 'ਤੇ ਬੁਲਾਇਆ ਗਿਆ ਸੀ, ਜਿਥੇ ਬਚਾਅ ਕਾਰਜਾਂ ਦੇ ਬਾਵਜੂਦ ਮਹਿਲਾ ਦੀ ਜਾਨ ਨਹੀਂ ਬਚਾਈ ਜਾ ਸਕੀ।
ਸ਼ੁਰੂਆਤੀ ਜਾਂਚ ਵਿਚ ਮੌਤ ਦੇ ਪਿੱਛੇ ਕਿਸੇ ਅਪਰਾਧਿਕ ਕਾਰਨ ਦਾ ਸ਼ੱਕ ਨਹੀਂ ਸੀ ਪਰ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਸ ਮੌਤ ਨੂੰ ਸ਼ੱਕੀ ਮੰਨਿਆ ਗਿਆ ਹੈ, ਜਿਸ ਕਾਰਨ ਮੇਜਰ ਕ੍ਰਾਈਮ ਯੂਨਿਟ ਨੇ ਇਸ ਕੇਸ ਦੀ ਕਮਾਂਡ ਆਪਣੇ ਹੱਥ ਵਿਚ ਲਈ ਹੈ। ਜਾਂਚਕਰਤਾ ਹੁਣ ਇਸ ਕੇਸ ਦੇ ਹਾਲਾਤ ਦਾ ਪਤਾ ਲਗਾਉਣ ਦਾ ਯਤਨ ਕਰ ਰਹੇ ਹਨ।




