Aug 28, 2026 6:02 PM - Connect Newsroom - Ramandeep Kaur with files from The Canadian Press

ਕੈਨੇਡਾ ਸਰਕਾਰ ਨੇ ਨੇਪਾਲ-ਤਿੱਬਤ ਬਾਰਡਰ 'ਤੇ ਲਾਪਤਾ ਹੋਏ ਕੈਨੇਡੀਅਨਜ਼ ਦੀ ਗਿਣਤੀ 30 ਤੋਂ ਪਾਰ ਹੋਣ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਅੰਤਰਰਾਸ਼ਟਰੀ ਮਾਮਲਿਆਂ ਲਈ ਮੰਤਰੀ ਰਣਦੀਪ ਸਰਾਏ ਨੇ ਤਾਜ਼ਾ ਜਾਣਕਾਰੀ ਦਿੰਦਿਆ ਦੱਸਿਆ ਕਿ ਨੇਪਾਲ ਵਿਚ ਕੈਨੇਡਾ ਦੇ ਰਾਜਦੂਤ ਨੇ ਗਲੋਬਲ ਅਫੇਅਰਜ਼ ਕੈਨੇਡਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਕੁੱਲ ਲਾਪਤਾ 1,924 ਲੋਕਾਂ ਵਿਚ 32 ਕੈਨੇਡੀਅਨ ਸ਼ਾਮਲ ਹਨ।
ਉਥੇ ਹੀ, 579 ਲਾਸ਼ਾਂ ਮਲਬੇ ਵਿਚੋਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਹਾਲਾਂਕਿ ਨੇਪਾਲ ਸਰਕਾਰ ਵੱਲੋਂ ਹੁਣ ਤੱਕ ਪਛਾਣੀਆਂ ਗਈਆਂ ਲਾਸ਼ਾਂ ਵਿਚ ਕਿਸੇ ਵੀ ਕੈਨੇਡੀਅਨ ਨਾਗਰਿਕ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਮੰਤਰੀ ਆਨੰਦ ਨੇ ਚਿੰਤਾ ਜ਼ਾਹਰ ਕੀਤੀ ਕਿ ਲਾਪਤਾ ਦੱਸੇ ਜਾ ਰਹੇ ਕੈਨੇਡੀਅਨਜ਼ ਦੀ ਗਿਣਤੀ ਵੱਧ ਹੋ ਸਕਦੀ ਹੈ, ਜਿਸ ਦਾ ਮਿਲਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਰਵਾਰ ਤੱਕ ਲਾਪਤਾ ਕੈਨੇਡੀਅਨਜ਼ ਦੀ ਗਿਣਤੀ 30 ਦੱਸੀ ਗਈ ਸੀ। ਆਨੰਦ ਨੇ ਕਿਹਾ ਕਿ ਨੇਪਾਲ ਇਸ ਸਮੇਂ ਵਿਨਾਸ਼ਕਾਰੀ ਮਨੁੱਖੀ ਐਮਰਜੈਂਸੀ ਦਾ ਸਾਹਮਣਾ ਕਰ ਰਿਹਾ ਹੈ ਜਿਸ ਵਿਚ ਭਿਆਨਕ ਨੁਕਸਾਨ ਹੋਇਆ ਹੈ।




