Aug 17, 2026 4:41 PM - Connect Newsroom - Ramandeep Kaur

ਸਰੀ ਵਿਚ ਇੱਕ ਨਾਬਾਲਗ ਲੜਕੀ 'ਤੇ ਹੋਏ ਜਿਨਸੀ ਹਮਲੇ ਦੇ ਸਬੰਧ ਵਿਚ 40 ਸਾਲਾ Jagendar Kurana ਖ਼ਿਲਾਫ਼ ਕ੍ਰਿਮੀਨਲ ਕੋਡ ਤਹਿਤ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਘਟਨਾ 9 ਅਗਸਤ ਨੂੰ ਸ਼ਹਿਰ ਦੇ ਬੀਅਰ ਕਰੀਕ ਪਾਰਕ ਵਿਚ ਵਾਪਰੀ ਸੀ, ਜਿੱਥੇ ਮੌਕੇ 'ਤੇ ਪਹੁੰਚੇ ਫਰੰਟਲਾਈਨ ਅਫਸਰ ਨੂੰ ਪੀੜਤ ਲੜਕੀ ਨੇ ਦੱਸਿਆ ਸੀ ਕਿ ਇੱਕ ਵਿਅਕਤੀ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ ਅਤੇ ਫਿਰ ਉੱਥੋਂ ਫ਼ਰਾਰ ਹੋ ਗਿਆ।
ਇਸ ਤੋਂ ਬਾਅਦ 12 ਅਗਸਤ ਨੂੰ ਸਰੀ ਪੁਲਿਸ ਵੱਲੋਂ ਸ਼ੱਕੀ ਦੀਆਂ ਤਸਵੀਰਾਂ ਜਾਰੀ ਕਰਕੇ ਜਨਤਾ ਨੂੰ ਮਦਦ ਦੀ ਅਪੀਲ ਕੀਤੀ ਗਈ, ਜਿਸ ਸਦਕਾ ਉਸੇ ਦਿਨ ਹੁਲੀਏ ਨਾਲ ਮੇਲ ਖਾਂਦੇ ਸ਼ੱਕੀ ਨੂੰ ਪਛਾਣ ਕੇ ਉਸ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਮਿਲੀ।
ਸਰੀ ਪੁਲਿਸ ਸਰਵਿਸ ਮੁਤਾਬਕ, ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਨੇ 13 ਅਗਸਤ ਨੂੰ 40 ਸਾਲਾ Jagendar Kurana ਖ਼ਿਲਾਫ਼ ਜਿਨਸੀ ਹਮਲੇ ਅਤੇ ਜਿਨਸੀ ਦਖਲਅੰਦਾਜ਼ੀ ਦੇ ਦੋ ਅਪਰਾਧਿਕ ਮਾਮਲਿਆਂ ਨੂੰ ਹਰੀ ਝੰਡੀ ਦਿੱਤੀ। ਮੁਲਜ਼ਮ ਅੱਜ ਜ਼ਮਾਨਤ ਦੀ ਸੁਣਵਾਈ ਦੀ ਉਡੀਕ ਤੱਕ ਹਿਰਾਸਤ ਵਿਚ ਸੀ।




