Sep 17, 2026 4:17 PM - Connect Newsroom - Jasmine Singh

ਵੈਨਕੂਵਰ ਪੁਲਿਸ ਨੇ ਇੱਕ 60 ਸਾਲਾ ਵਿਅਕਤੀ ਨੂੰ ਕਈ ਗੱਡੀਆਂ ਨੂੰ ਟੱਕਰ ਮਾਰਨ ਅਤੇ ਮੌਕੇ ਤੋਂ ਫ਼ਰਾਰ ਹੋਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਘਟਨਾਵਾਂ ਸਾਊਥ ਈਸਟ ਵੈਨਕੂਵਰ ਵਿਚ ਮੰਗਲਵਾਰ ਸਵੇਰ ਕਰੀਬ 9 ਵਜੇ ਈਸਟ 49th ਐਵੇਨਿਊ ਅਤੇ ਐਲੀਅਟ ਸਟ੍ਰੀਟ ਦੇ ਇਲਾਕੇ ਵਿਚ ਹੋਈਆਂ ਸਨ। ਔਫੀਸਰ ਮੁਤਾਬਕ, ਗੱਡੀਆਂ ਵਿਚ ਲੋਕ ਸਵਾਰ ਸਨ, ਜਦੋਂ ਉਨ੍ਹਾਂ ਨੂੰ ਟੱਕਰ ਮਾਰੀ ਗਈ।
ਪੁਲਿਸ ਮੁਤਾਬਕ, ਇਨ੍ਹਾਂ ਘਟਨਾਵਾਂ ਵਿਚ ਗੱਡੀਆਂ ਨੂੰ ਨੁਕਸਾਨ ਹੋਣ ਦੇ ਬਾਵਜੂਦ ਕਿਸੇ ਦੇ ਵੀ ਜ਼ਖਮੀ ਹੋਣ ਤੋਂ ਬਚਾਅ ਰਿਹਾ। ਟੱਕਰ ਮਗਰੋਂ ਮੁਲਜ਼ਮ ਆਪਣੀ ਕਾਰ ਛੱਡ ਕੇ ਪੈਦਲ ਹੀ ਮੌਕੇ ਤੋਂ ਭੱਜ ਨਿਕਲਿਆ ਸੀ, ਹਾਲਾਂਕਿ ਪੁਲਿਸ ਉਸ ਨੂੰ ਹਿਰਾਸਤ ਵਿਚ ਲੈਣ ਵਿਚ ਕਾਮਯਾਬ ਰਹੀ, ਜਿਸ ਦੀ ਪਛਾਣ Wayne Tran ਵਜੋਂ ਹੋਈ ਹੈ। Tran ਖਿਲਾਫ ਖ਼ਤਰਨਾਕ ਡਰਾਈਵਿੰਗ ਅਤੇ ਮੌਕੇ ਤੋਂ ਭੱਜਣ ਨਾਲ ਜੁੜੇ ਚਾਰਜਿਜ਼ ਲਗਾਏ ਗਏ ਹਨ।




