Aug 27, 2026 5:08 PM - Connect Newsroom - Ramandeep Kaur with files from The Canadian Press

ਕੈਨੇਡਾ ਦੇ ਵਿਦੇਸ਼ ਮੰਤਰਾਲਾ ਨੇ ਨੇਪਾਲ ਅਤੇ ਤਿੱਬਤ ਦੇ ਸਰਹੱਦੀ ਖੇਤਰ ਵਿਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਲਾਪਤਾ ਹੋਏ ਸੈਂਕੜੇ ਲੋਕਾਂ ਵਿਚ 30 ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। Foreign Affairs ਅਨੀਤਾ ਆਨੰਦ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅਧਿਕਾਰੀ ਪ੍ਰਭਾਵਿਤ ਖੇਤਰਾਂ ਵਿਚ ਮੌਜੂਦ ਕੈਨੇਡੀਅਨ ਦੀ ਸੁਰੱਖਿਅਤ ਵਾਪਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਸਥਾਨਕ ਪ੍ਰਸ਼ਾਸਨ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਲਗਾਤਾਰ ਸੰਪਰਕ ਵਿਚ ਹਨ।
ਹਾਲਾਂਕਿ, ਮੰਤਰੀ ਨੇ ਕਿਹਾ ਕਿ ਲਾਪਤਾ ਕੈਨੇਡੀਅਨ ਦੀ ਸਹੀ-ਸਲਾਮਤੀ ਬਾਰੇ ਜਾਂ ਉਨ੍ਹਾਂ ਦੀ ਲੋਕਸ਼ਨ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਹੈ। ਆਨੰਦ ਮੁਤਾਬਕ, ਜ਼ਮੀਨੀ ਪੱਧਰ 'ਤੇ ਹਾਲਾਤ ਬੇਹੱਦ ਚੁਣੌਤੀਪੂਰਨ ਹੋਣ ਕਾਰਨ ਨਵੀਂ ਜਾਣਕਾਰੀ ਮਿਲਣ 'ਤੇ ਲਾਪਤਾ ਕੈਨੇਡੀਅਨ ਦੀ ਇਹ ਗਿਣਤੀ ਬਦਲ ਸਕਦੀ ਹੈ।
ਉਨ੍ਹਾਂ ਕਿਹਾ ਕਿ ਕੈਨੇਡੀਅਨ ਦੀ ਮਦਦ ਅਤੇ ਲੋਕਲ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨ ਲਈ 5 ਅਧਿਕਾਰੀ ਨੂੰ ਕਾਠਮੰਡੂ ਭੇਜਿਆ ਜਾ ਰਿਹਾ ਹੈ। ਇਸ ਵਿਚਕਾਰ ਕੈਨੇਡਾ ਸਰਕਾਰ ਵਲੋਂ ਨੇਪਾਲ ਵਿਚ ਮੌਜੂਦ ਆਪਣੇ ਨਾਗਰਿਕਾਂ ਲਈ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਹਨਾਂ ਵਿਚ ਵਟਸਐਪ ਨੰਬਰ 1-613-909-8881 ਸ਼ਾਮਲ ਹੈ।




