May 24, 2024 6:41 PM - The Canadian Press

ਬੀ.ਸੀ. ਵਿਚ 900 ਮਿਲੀਅਨ ਡਾਲਰ ਦਾ ਹਾਈਡਰੋਜਨ ਉਤਪਾਦਨ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ ਹਾਈਡਰੋਜਨ ਉਤਪਾਦਨ ਪਲਾਂਟਾਂ ਅਤੇ ਰਿਫਿਊਲਿੰਗ ਸਟੇਸ਼ਨ ਦਾ ਨੈੱਟਵਰਕ ਬਣਾਉਣ ਲਈ 90 ਕਰੋੜ ਡਾਲਰ ਦਾ ਇਹ ਪ੍ਰਾਜੈਕਟ ਸੂਬੇ ਵਿਚ ਲਗਭਗ 300 ਨੌਕਰੀਆਂ ਪੈਦਾ ਕਰੇਗਾ ਅਤੇ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਵਿਚ ਕਟੌਤੀ ਕਰੇਗਾ।
ਫੈਡਰਲ ਕ੍ਰਾਊਨ ਕਾਰਪੋਰੇਸ਼ਨ ਅਤੇ ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ ਰਿਫਿਊਲਿੰਗ ਸਟੇਸ਼ਨ ਦੀ ਸਪਲਾਈ ਬਰਨਬੀ, ਨਨੈਮੋ ਅਤੇ ਪਿ੍ਰੰਸ ਜਾਰਜ ਵਿੱਚ ਤਿੰਨ ਨਵੇਂ ਹਾਈਡਰੋਜਨ ਉਤਪਾਦਨ ਪਲਾਂਟਾਂ ਵਲੋਂ ਕੀਤੀ ਜਾਵੇਗੀ। ਕੈਨੇਡਾ ਬੁਨਿਆਦੀ ਢਾਂਚਾ ਬੈਂਕ ਪ੍ਰੋਜੈਕਟ ਦਾ ਸਮਰਥਨ ਕਰਨ ਲਈ ਹਾਈਡਰੋਜਨ ਕੰਪਨੀ ਐੱਚ.ਟੀ.ਈ.ਸੀ. ਨੂੰ $337 ਮਿਲੀਅਨ ਦਾ ਕਰਜ਼ਾ ਦੇ ਰਿਹਾ ਹੈ, ਜਿਸ ਵਿੱਚ 20 ਹਾਈਡਰੋਜਨ ਰਿਫਿਊਲਿੰਗ ਸਟੇਸ਼ਨ ਬਣਾਉਣ ਦੀ ਯੋਜਨਾ ਸ਼ਾਮਲ ਹੈ, ਜਿਨ੍ਹਾਂ ਵਿੱਚੋਂ 18 ਬੀ.ਸੀ. ਵਿੱਚ ਅਤੇ ਬਾਕੀ ਐਲਬਰਟਾ ਵਿੱਚ ਹੋਣਗੇ।
ਪ੍ਰੀਮੀਅਰ ਡੇਵਿਡ ਏ.ਬੀ. ਵਲੋਂ ਅੱਜ ਇਹ ਐਲਾਨ ਕਰਦੇ ਸਮੇਂ ਉਨ੍ਹਾਂ ਨਾਲ ਫੈਡਰਲ ਕੁਦਰਤੀ ਸਰੋਤ ਜੋਨਾਥਨ ਵਿਲਕਿਨਸਨ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਏ.ਬੀ. ਦਾ ਕਹਿਣਾ ਹੈ ਕਿ ਐੱਚ.ਟੂ. ਗੇਟ ਵੇਅ ਪ੍ਰੋਜੈਕਟ ਆਰਥਿਕ ਅਤੇ ਰੋਜ਼ਗਾਰ ਸਿਰਜਣ ਦੇ ਮੌਕੇ ਅਤੇ ਪ੍ਰਦੂਸ਼ਣ ਨੂੰ ਘਟਾਉਣ ਦਾ ਇੱਕ ਤਰੀਕਾ ਦਰਸਾਉਂਦਾ ਹੈ। ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ ਐੱਚ.ਟੂ. ਗੇਟਵੇਅ ਹਰ ਸਾਲ ਲਗਭਗ 133,000 ਟਨ ਨਿਕਾਸ ਨੂੰ ਘਟਾ ਸਕਦਾ ਹੈ।




