Aug 16, 2024 4:03 PM - The Canadian Press

ਨਾਨਾਇਮੋ ਦੀ ਵੈਨਕੂਵਰ ਆਈਲੈਂਡ ਯੂਨੀਵਰਸਿਟੀ ਵਿਖੇ ਗਾਜ਼ਾ ਰੋਸ ਕੈਂਪ ਨੂੰ ਅਦਾਲਤ ਨੇ ਉਥੋਂ ਹਟਾਏ ਜਾਣ ਦਾ ਹੁਕਮ ਸੁਣਾ ਦਿੱਤਾ ਹੈ। ਅਸਲ ਵਿਚ ਅਦਾਲਤ ਵਲੋਂ ਯੂਨੀਵਰਸਿਟੀ ਵਿਚ ਕੈਂਪ ਲਗਾਉਣ ਵਾਲੇ ਫਲਸਤੀਨੀ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ 72 ਘੰਟਿਆਂ ਦੇ ਅੰਦਰ ਆਪਣਾ ਸਮਾਨ ਪੈਕ ਕਰਨ ਲਈ ਕਿਹਾ ਗਿਆ ਹੈ।
ਯੂਨੀਵਰਸਿਟੀ ਨੇ ਉਮੀਦ ਜਤਾਈ ਹੈ ਕਿ ਕੈਂਪਸ ਵਿਚ ਟੈਂਟਾਂ ਵਿਚ ਰਹਿ ਰਹੇ ਲੋਕ ਐਤਵਾਰ ਤਕ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹੋਏ ਉਥੋਂ ਚਲੇ ਜਾਣਗੇ। ਯੂਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਆਰ.ਸੀ.ਐੱਮ.ਪੀ. ਦੀ ਸਹਾਇਤਾ ਲਈ ਬੇਨਤੀ ਕੀਤੀ ਹੈ ਤਾਂ ਜੋ ਜੇਕਰ ਪ੍ਰਦਰਸ਼ਨਕਾਰੀ ਅਦਾਲਤ ਵਲੋਂ ਨਿਰਧਾਰਤ ਸਮਾਂ ਸੀਮਾ ਤੋਂ ਬਾਅਦ ਵੀ ਉਥੇ ਰਹਿੰਦੇ ਹਨ ਤਾਂ ਇਸ ਆਦੇਸ਼ ਦਾ ਪਾਲਣ ਕਰਵਾਇਆ ਜਾ ਸਕੇ। ਇਕ ਜੱਜ ਨੇ ਵੀਰਵਾਰ ਨੂੰ ਕੈਂਪ ਹਟਾਉਣ ਦਾ ਆਦੇਸ਼ ਦਿੱਤਾ ਅਤੇ ਕਿਹਾ ਕਿ ਉਸ ਖੇਤਰ ਵਿਚ 150 ਦਿਨਾਂ ਲਈ ਕੋਈ ਹੋਰ ਕੈਂਪ ਸਥਾਪਤ ਨਹੀਂ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਇਜ਼ਰਾਈਲ-ਹਮਾਸ ਯੁੱਧ ਦੇ ਖਿਲਾਫ ਕੈਂਪ ਇਸ ਬਸੰਤ ਰੁੱਤ ਵਿਚ ਕੈਨੇਡੀਅਨ ਯੂਨੀਵਰਸਿਟੀਆਂ ਵਿਚ ਲੱਗਣੇ ਸ਼ੁਰੂ ਹੋ ਗਏ ਸਨ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਸੀ ਕਿ ਸੰਸਥਾਵਾਂ ਇਜ਼ਰਾਈਲੀ ਫਰਮਾਂ ਅਤੇ ਸੰਸਥਾਵਾਂ ਨਾਲ ਸਬੰਧ ਤੋੜ ਦੇਣ।
ਦੂਜੇ ਪਾਸੇ ਇਜ਼ਰਾਈਲ ਅਤੇ ਯਹੂਦੀ ਮਾਮਲਿਆਂ ਲਈ ਕੇਂਦਰ ਨੇ ਸੋਸ਼ਲ ਮੀਡੀਆ ’ਤੇ ਇਕ ਬਿਆਨ ਵਿਚ ਕਿਹਾ ਕਿ ਉਹ ਖੁਸ਼ ਹੈ ਕਿ ਅਦਾਲਤਾਂ ਨੇ ਇਹ ਹੁਕਮ ਦਿੱਤਾ ਹੈ ਜੋ ਇਹ ਯਕੀਨੀ ਬਣਾਏਗਾ ਕਿ ਸਾਰੇ ਲੋਕ ਆਪਣੀ ਕੈਂਪਸ ਕਮਿਊਨਿਟੀ ਵਿਚ ਸੁਰੱਖਿਅਤ ਮਹਿਸੂਸ ਕਰ ਸਕਣ।




