Jan 19, 2021 3:01 AM -

ਅੱਜ ਬੀ.ਸੀ. 'ਚ ਕੋਵਿਡ-19 ਦੇ 1,330 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਦੁੱਖ ਦੀ ਗੱਲ ਸੀ ਕਿ 31 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 61,447 ਤੱਕ ਪਹੁੰਚ ਗਈ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,078 ਹੋ ਗਈ ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 4,326 ਤੱਕ ਪਹੁੰਚ ਗਏ ਹਨ।
ਕੁੱਲ 343 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 68 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਯਾਦ ਰਹੇ ਅੱਜ ਰਿਪੋਰਟ ਹੋਏ ਮਾਮਲੇ ਬੀਤੇ 3 ਦਿਨ ਦਾ ਅੰਕੜਾ ਦਰਸ਼ਾਉਂਦੇ ਹਨ।
ਇਸ ਦੌਰਾਨ ਸ਼ੁੱਕਰਵਾਰ ਨੂੰ 584, ਸ਼ਨੀਵਾਰ ਨੂੰ 445 ਅਤੇ ਐਤਵਾਰ ਨੂੰ 301 ਮਾਮਲੇ ਰਿਪੋਰਟ ਹੋਏ ਹਨ।
ਬੀ.ਸੀ. 'ਚ 59,902 ਲੋਕਾਂ ਨੂੰ ਮਿਲ ਚੁੱਕੀ ਵੈਕਸੀਨ
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਦਾ ਕਹਿਣਾ ਹੈ ਕਿ ਸੂਬੇ 'ਚ ਵੈਕਸੀਨੇਸ਼ਨ ਦੀ ਪ੍ਰੀਕਿਰਿਆ ਜਾਰੀ ਹੈ ਅਤੇ ਹੁਣ ਤੱਕ 87,346 ਵੈਕਸੀਨੇਸ਼ਨਸ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ।
ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਬੀਤੇ ਹਫ਼ਤੇ ਸੂਬੇ ਕੋਲ ਕੁੱਲ 46,675 ਵੈਕਸੀਨ ਖੁਰਾਕਾਂ ਪਹੁੰਚੀਆਂ ਸਨ।
ਇਸ 'ਚ ਫਾਈਜ਼ਰ ਵੈਕਸੀਨ ਦੀਆਂ 28,275 ਡੋਜ਼ ਅਤੇ ਮੌਡਰਨਾ ਵੈਕਸੀਨ ਦੀਆਂ 18,400 ਡੋਜ਼ ਸ਼ਾਮਿਲ ਹਨ।
ਡਾ. ਹੈਨਰੀ ਨੇ ਦੱਸਿਆ ਕਿ ਇਸ ਹਫ਼ਤੇ 26,675 ਹੋਰ ਵੈਕਸੀਨ ਖੁਰਾਕਾਂ ਪਹੁੰਚਣ ਦੀ ਆਸ ਹੈ।
ਹੁਣ ਤੱਕ ਦਿੱਤੀਆਂ ਗਈਆਂ 87,346 ਖੁਰਾਕਾਂ 'ਚ ਫਾਈਜ਼ਰ ਵੈਕਸੀਨ ਦੀਆਂ 71,301 ਡੋਜ਼ ਅਤੇ ਮੌਡਰਨਾ ਵੈਕਸੀਨ ਦੀਆਂ 16,045 ਡੋਜ਼ ਹਾਸਿਲ ਕਰਵਾਈਆਂ ਗਈਆਂ ਹਨ।
ਵੈਕਸੀਨ ਉਪਲਬਧਤਾ 'ਚ ਕੁਝ ਅੜਿੱਕੇ
ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਦਾ ਕਹਿਣਾ ਹੈ ਕਿ ਫਾਈਜ਼ਰ ਵੈਕਸੀਨ ਦੀ ਉਪਲਬਧਤਾ 'ਚ ਪੇਸ਼ ਆਏ ਕੁਝ ਅੜਿੱਕਿਆਂ ਕਾਰਨ ਬੀ.ਸੀ. 'ਚ ਵੈਕਸੀਨ ਪ੍ਰਦਾਨ ਕਰਨ ਦੀ ਪ੍ਰੀਕਿਰਿਆ 'ਚ ਕੁਝ ਬਦਲਾਅ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਬੀ.ਸੀ. ਦਾ ਪਲੈਨ ਹੈ ਕਿ ਵਾਇਰਸ ਸੰਬੰਧੀ ਵੈਕਸੀਨ ਦੀ ਪਹਿਲੀ ਅਤੇ ਦੂਜੀ ਖੁਰਾਕ ਦੇ ਵਿਚਾਲੇ 35 ਦਿਨ ਦਾ ਅੰਤਰ ਰੱਖਿਆ ਜਾਵੇਗਾ।
ਡਾ. ਹੈਨਰੀ ਨੇ ਇਹ ਵੀ ਕਿਹਾ ਕਿ ਅਸੀਂ ਇਸ ਤੱਥ ਤੋਂ ਪਹਿਲਾਂ ਹੀ ਜਾਣੂ ਸੀ ਕਿ ਪ੍ਰੀਕਿਰਿਆ 'ਚ ਵਿਘਨ ਪੈ ਸਕਦੇ ਹਨ ਅਤੇ ਇਸ ਦੇ ਲਈ ਤਿਆਰੀ ਰੱਖਣਾ ਜ਼ਰੂਰੀ ਹੈ।
ਡਾ. ਬੌਨੀ ਹੈਨਰੀ ਨੇ ਕਿਹਾ ਕਿ ਇਹ ਵਿਘਨ ਟੈਂਪਰੇਰੀ ਹਨ ਅਤੇ ਇਸ ਦੇ ਲੰਮੇ ਪ੍ਰਭਾਵ ਨਹੀਂ ਪੈਣਗੇ।




