May 30, 2024 7:04 PM - The Canadian Press

ਬਿ੍ਰਟਿਸ਼ ਕੋਲੰਬੀਆ ਕੋਵਿਡ-19 ਦੀ ਦਵਾਈ ਪੈਕਸਲੋਵਿਡ ਲਈ ਭੁਗਤਾਨ ਕਰਨ ਵਾਲਾ ਕੈਨੇਡਾ ਦਾ ਪਹਿਲਾ ਸੂਬਾ ਬਣ ਗਿਆ ਹੈ। ਫੈਡਰਲ ਸਰਕਾਰ ਨੇ ਸਾਰੇ ਸੂਬਿਆਂ ਨੂੰ ਕਿਹਾ ਹੈ ਕਿ ਉਹ ਹੁਣ ਕੋਵਿਡ-19 ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਲਈ ਭੁਗਤਾਨ ਨਹੀਂ ਕਰੇਗੀ ਇਸ ਲਈ ਹੋਰ ਸੂਬੇ ਦਵਾਈ ਨੂੰ ਫਾਰਮਾਕੇਅਰ ਪ੍ਰੋਗਰਾਮ ਵਿੱਚ ਤਬਦੀਲ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪੈਕਸਲੋਵਿਡ ਇੱਕ ਐਂਟੀ-ਵਾਇਰਲ ਦਵਾਈ ਹੈ ਜਿਸ ਨੂੰ ਹੈਲਥ ਕੈਨੇਡਾ ਨੇ ਜਨਵਰੀ 2022 ਵਿੱਚ ਬਾਲਗਾਂ ਵਿੱਚ ਹਲਕੇ ਤੋਂ ਦਰਮਿਆਨੇ ਕੋਵਿਡ-19 ਦੇ ਇਲਾਜ ਲਈ ਮਨਜ਼ੂਰੀ ਦਿੱਤੀ ਹੈ। ਗੰਭੀਰ ਬਿਮਾਰੀ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੇ ਵਧੇਰੇ ਜੋਖਮ ਵਾਲੇ ਲੋਕਾਂ ਵਾਸਤੇ ਦਵਾਈ ਦੀ ਸਿਫਾਰਸ਼ ਕੀਤੀ ਜਾਂਦੀ ਹੈ ਅਤੇ ਇਲਾਜ ਪ੍ਰਭਾਵਸ਼ਾਲੀ ਹੋਣ ਲਈ ਲੱਛਣਾਂ ਦੀ ਸ਼ੁਰੂਆਤ ਦੇ ਪੰਜ ਦਿਨਾਂ ਦੇ ਅੰਦਰ ਸ਼ੁਰੂ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਬੀ.ਸੀ. ਵਿੱਚ ਕੋਵਿਡ-19 ਬੂਸਟਰ ਉਨ੍ਹਾਂ ਲੋਕਾਂ ਲਈ ਉਪਲਬਧ ਹੈ ਜਿਨ੍ਹਾਂ ਨੂੰ ਗੰਭੀਰ ਬਿਮਾਰੀ ਜਾਂ ਪੇਚੀਦਗੀਆਂ ਦਾ ਸਭ ਤੋਂ ਵੱਧ ਖਤਰਾ ਹੈ ਅਤੇ ਜਿਨ੍ਹਾਂ ਨੂੰ ਅਜੇ ਤੱਕ ਟੀਕੇ ਦੀ ਖੁਰਾਕ ਨਹੀਂ ਮਿਲੀ ਹੈ।




