Feb 2, 2021 3:47 AM -

ਅੱਜ ਬੀ.ਸੀ. 'ਚ ਕੋਵਿਡ-19 ਦੇ 1,158 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਦੁੱਖ ਦੀ ਗੱਲ ਸੀ ਕਿ 21 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 67,937 ਤੱਕ ਪਹੁੰਚ ਗਈ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,210 ਹੋ ਗਈ ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 4,134 ਤੱਕ ਪਹੁੰਚ ਗਏ ਹਨ।
ਕੁੱਲ 289 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 79 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਯਾਦ ਰਹੇ ਅੱਜ ਰਿਪੋਰਟ ਹੋਏ ਮਾਮਲੇ ਬੀਤੇ 3 ਦਿਨ ਦਾ ਅੰਕੜਾ ਦਰਸ਼ਾਉਂਦੇ ਹਨ।
ਇਸ ਦੌਰਾਨ ਸ਼ੁੱਕਰਵਾਰ ਨੂੰ 408, ਸ਼ਨੀਵਾਰ ਨੂੰ 473 ਅਤੇ ਐਤਵਾਰ ਨੂੰ 277 ਮਾਮਲੇ ਰਿਪੋਰਟ ਹੋਏ ਹਨ।
ਸੂਬੇ ਦੇ 138,892 ਲੋਕਾਂ ਨੂੰ ਕੀਤਾ ਜਾ ਚੁੱਕਾ ਵੈਕਸੀਨੇਟ
ਹੁਣ ਤੱਕ ਬੀ.ਸੀ. 'ਚ ਕੋਵਿਡ-19 ਵੈਕਸੀਨ ਦੀਆਂ 138,892 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ।
ਸੋਮਵਾਰ ਤੱਕ ਦੇ ਅੰਕੜਿਆਂ ਅਨੁਸਾਰ ਬੀ.ਸੀ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ ਹੁਣ ਤੱਕ ਸੂਬੇ 'ਚ ਕੁੱਲ 1,44,550 ਵੈਕਸੀਨ ਖੁਰਾਕਾਂ ਡਿਲਿਵਰ ਹੋ ਚੁੱਕੀਆਂ ਹਨ।
ਡਾ. ਬੌਨੀ ਹੈਨਰੀ ਨੇ ਸੋਮਵਾਰ ਨੂੰ ਦੱਸਿਆ ਕਿ ਫਰਵਰੀ 'ਚ ਵੈਕਸੀਨ ਡਿਲੀਵਰੀ 'ਚ ਕੁਝ ਅੜਿੱਕਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਲਾਂਕਿ ਉਨ੍ਹਾਂ ਕਿਹਾ ਕਿ ਇਸੇ ਮਹੀਨੇ ਦੇ ਆਉਂਦੇ ਹਫ਼ਤਿਆਂ 'ਚ ਡਿਲੀਵਰੀ ਦੀ ਗਿਣਤੀ ਵਧਣ ਦੀ ਆਸ ਹੈ।
ਡਾ. ਹੈਨਰੀ ਨੇ ਦੱਸਿਆ ਕਿ ਹੁਣ ਤੱਕ ਪ੍ਰਦਾਨ ਕੀਤੀਆਂ ਗਈਆਂ ਖੁਰਾਕਾਂ 'ਚ 4,491 ਲੋਕ ਅਜਿਹੇ ਹਨ ਜਿੰਨਾ ਨੂੰ ਵੈਕਸੀਨ ਦੀ ਦੂਜੀ ਖੁਰਾਕ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਬੀ.ਸੀ. 'ਚ ਯੂ.ਕੇ. ਤੇ ਦੱਖਣੀ ਅਫਰੀਕਾ ਦੇ ਵੇਰੀਐਂਟ ਦੇ 18 ਮਾਮਲੇ ਹੋ ਚੁੱਕੇ ਰਿਪੋਰਟ
ਬੀ.ਸੀ. 'ਚ ਕੋਵਿਡ-19 ਦੇ ਦੱਖਣੀ ਅਫਰੀਕਾ ਦੇ ਵੇਰੀਐਂਟ ਦੇ 4 ਮਾਮਲੇ ਰਿਪੋਰਟ ਹੋ ਚੁੱਕੇ ਹਨ।
ਇਸ ਦੇ ਨਾਲ ਸੂਬੇ 'ਚ ਯੂ.ਕੇ. ਅਤੇ ਦੱਖਣੀ ਅਫਰੀਕਾ ਦੇ ਵਾਇਰਸ ਦੇ ਵੇਰੀਐਂਟ ਦੇ ਰਿਪੋਰਟ ਹੋ ਚੁੱਕੇ ਮਾਮਲਿਆਂ ਦੀ ਗਿਣਤੀ 18 ਤੱਕ ਪਹੁੰਚ ਗਈ ਹੈ।
ਇਸ ਤੋਂ ਇਲਾਵਾ ਯੂ.ਕੇ. ਵੇਰੀਐਂਟ ਦੇ ਵੀ 14 ਮਾਮਲੇ ਰਿਪੋਰਟ ਹੋ ਚੁੱਕੇ ਹਨ।
ਖਾਸ ਗੱਲ ਇਹ ਹੈ ਕਿ ਜਿੱਥੇ ਯੂ.ਕੇ. ਨਾਲ ਸੰਬੰਧਤ ਮਾਮਲੇ ਯਾਤਰਾ ਦੇ ਇਤਿਹਾਸ ਨਾਲ ਜੁੜੇ ਦੱਸੇ ਗਏ ਹਨ, ਉਥੇ ਹੀ ਦੱਖਣੀ ਅਫਰੀਕਾ ਦੇ ਵੇਰੀਐਂਟ ਦੇ ਮਾਮਲੇ ਕਿਸੇ ਯਾਤਰਾ ਨਾਲ ਜੁੜੇ ਨਹੀਂ ਦੱਸੇ ਗਏ ਹਨ।
ਡਾ. ਬੌਨੀ ਹੈਨਰੀ ਦਾ ਕਹਿਣਾ ਹੈ ਕਿ ਸਿਹਤ ਅਧਿਕਾਰੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਦੱਖਣੀ ਅਫਰੀਕਾ ਦੇ ਵੇਰੀਐਂਟ ਦੇ ਮਾਮਲੇ ਬੀ.ਸੀ. ਕਿਵੇਂ ਪਹੁੰਚੇ ਹਨ।




