Dec 8, 2021 2:01 AM - The Canadian Press

ਬੀ.ਸੀ. ਦੇ ਵਿੱਚ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕਰੌਨ ਦੇ 4 ਹੋਰ ਮਾਮਲੇ ਰਿਪੋਰਟ ਹੋਏ ਹਨ।
ਇਸ ਦੇ ਨਾਲ ਹੁਣ ਸੂਬੇ 'ਚ ਇਸ ਵੇਰੀਐਂਟ ਦੇ ਕੁੱਲ ਮਾਮਲਿਆਂ ਦੀ ਗਿਣਤੀ 5 ਤਕ ਪਹੁੰਚ ਗਈ ਹੈ।
ਸੂਬੇ ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਵੇਰੀਐਂਟ ਤੋਂ ਪੀੜਤ ਪਾਏ ਗਏ ਲੋਕ ਹਾਲ ਦੇ ਦਿਨਾਂ 'ਚ ਯਾਤਰਾ ਤੋਂ ਪਰਤੇ ਸਨ।
ਪੀੜਤਾਂ 'ਚ 3 ਲੋਕਾਂ ਨੂੰ ਪੂਰੀ ਤਰ੍ਹਾਂ ਵੈਕਸੀਨੇਟਿਡ ਦੱਸਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੀੜਤਾਂ ਦੀ ਉਮਰ 16 ਤੋਂ 60 ਸਾਲ ਦੇ ਦਰਮਿਆਨ ਦੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਇਰਸ ਪੀੜਤਾਂ ਨੇ ਹਾਲ 'ਚ ਨਾਇਜੀਰਿਆ, ਇਜਿਪਟ, ਦੱਖਣ ਅਫਰੀਕੀ ਦੇਸ਼ ਅਤੇ ਇਰਾਨ ਨਾਲ ਸੰਬੰਧਤ ਅੰਤਰਰਾਸ਼ਟਰੀ ਯਾਤਰਾ ਕੀਤੀ ਸੀ।
ਇਨ੍ਹਾਂ ਓਮੀਕਰੌਨ ਪੀੜਤਾਂ ਬਾਰੇ ਜਾਣਕਾਰੀ ਵੀਕਐਂਡ ਦੌਰਾਨ ਸਾਹਮਣੇ ਆਈ ਦੱਸੀ ਗਈ ਹੈ।
ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਜੀਨੋਮ ਸਿਕੁਐਨਸਿੰਗ ਜਾਰੀ ਹੈ ਅਤੇ ਹੋਰ ਵਾਇਰਸ ਪੀੜਤਾਂ ਬਾਰੇ ਵੀ ਜਾਣਕਾਰੀ ਸਾਹਮਣੇ ਆ ਸਕਦੀ ਹੈ।




