Jul 4, 2024 7:21 PM - The Canadian Press

ਬੀ.ਸੀ. ਐੱਨ.ਡੀ.ਪੀ. ਦੇ ਮੰਤਰੀ ਹੈਰੀ ਬੈਂਸ, ਬਰੂਸ ਰਾਲਸਟਨ ਅਤੇ ਰੌਬ ਫਲੇਮਿੰਗ ਨੇ ਦੁਬਾਰਾ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਤਿੰਨਾਂ ਮੰਤਰੀਆਂ ਨੇ ਸੂਬੇ ਵਿਚ 19 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਬੈਂਸ, ਰਾਲਸਟਨ ਅਤੇ ਫਲੇਮਿੰਗ ਸਾਰੇ ਵਿਧਾਨ ਸਭਾ ਵਿੱਚ ਪੰਜ ਵਾਰ ਸੇਵਾ ਨਿਭਾ ਚੁੱਕੇ ਹਨ। ਸਰੀ-ਨਿਊਟਨ ਸੀਟ ਦੀ ਨੁਮਾਇੰਦਗੀ ਕਰਨ ਵਾਲੇ ਬੈਂਸ ਨੇ ਇਕ ਬਿਆਨ ਵਿਚ ਕਿਹਾ ਕਿ ਆਪਣੇ ਵੋਟਰਾਂ ਦੀ ਨੁਮਾਇੰਦਗੀ ਕਰਨਾ ਅਤੇ ਬੀ.ਸੀ. ਦੇ ਕਿਰਤ ਮੰਤਰੀ ਵਜੋਂ ਸੇਵਾ ਨਿਭਾਉਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ।
ਦੂਜੇ ਪਾਸੇ ਟਰਾਂਸਪੋਰਟੇਸ਼ਨ ਮੰਤਰਾ ਫਲੇਮਿੰਗ ਨੇ ਕਿਹਾ ਕਿ ਵਿਕਟੋਰੀਆ-ਸਵਾਨ ਝੀਲ ਦੇ ਹਿੱਸੇ ਦੀ 2 ਦਹਾਕਿਆ ਤੋਂ ਵੱਧ ਸੇਵਾ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਇਸੇ ਦੌਰਾਨ ਸਰੀ-ਵ੍ਹੇਲੀ ਦੀ ਨੁਮਾਇੰਦਗੀ ਕਰਨ ਵਾਲੇ ਅਤੇ ਬੀ.ਸੀ. ਦੇ ਜੰਗਲਾਤ ਮੰਤਰੀ ਰਾਲਸਟਨ ਨੇ ਸੋਸ਼ਲ ਮੀਡੀਆ ’ਤੇ ਪੁਸ਼ਟੀ ਕੀਤੀ ਹੈ ਕਿ ਉਹ ਛੇਵੇਂ ਕਾਰਜਕਾਲ ਲਈ ਚੋਣ ਨਹੀਂ ਲੜਨਗੇ। ਜ਼ਿਕਰਯੋਗ ਹੈ ਕਿ ਐੱਨ.ਡੀ.ਪੀ. ਵਲੋਂ ਆਪਣੇ ਤਜ਼ਰਬੇਕਾਰ ਵਿਧਾਇਕਾਂ ਨੂੰ ਗੁਆਉਣ ਮਗਰੋਂ ਦੁਬਾਰਾ ਸਰਕਾਰ ਬਨਾਉਣ ਦੀਆਂ ਸੰਭਾਵਨਾਵਾਂ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ।




