Jun 13, 2024 6:26 PM - The Canadian Press

ਬੀ. ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਇਕ ਵਾਰ ਫਿਰ ਫੈਡਰਲ ਸਰਕਾਰ ਵਲੋਂ ਕਿਊਬੈਕ ਅਤੇ ਓਨਟਾਰੀਓ ਨੂੰ ਖਾਸ ਸਹੂਲਤਾਂ ਦੇਣ ਅਤੇ ਫੈਡਰਲ ਇਮੀਗ੍ਰੇਸ਼ਨ ਮੰਤਰੀ ਦੇ ਜਵਾਬ ’ਤੇ ਟਿੱਪਣੀ ਕੀਤੀ ਹੈ।
ਪ੍ਰੀਮੀਅਰ ਨੇ ਕਿਹਾ ਕਿ ਓਟਵਾ ਵਲੋਂ ਹਮੇਸ਼ਾ ਕਿਊਬੈਕ ਅਤੇ ਓਨਟਾਰੀਓ ਨੂੰ ਖਾਸ ਟਰੀਟਮੈਂਟ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਪ੍ਰੀਮੀਅਰ ਨੇ ਕਿਹਾ ਕਿ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਬਿਆਨ ਸਮਝਦਾਰੀ ਵਾਲਾ ਨਹੀਂ ਸੀ ਕਿ ਬੀ. ਸੀ. ਸਿਰਫ ਸ਼ਰਣ ਪਾਉਣ ਵਾਲਿਆਂ ਲਈ ਚਿੰਤਤ ਹੈ।
ਈਬੀ ਨੇ ਬੀਤੇ ਦਿਨ ਕਿਹਾ ਕਿ ਓਟਾਵਾ ਵਲੋਂ ਓਨਟਾਰੀਓ ਅਤੇ ਕਿਊਬੈਕ ਵਿਚ ਕਾਰ ਫੈਕਰੀਜ਼ ਬਣਾਉਣ ਲਈ ਬਿਲੀਅਨਜ਼ ਡੌਲਰਜ਼ ਦਾ ਖਰਚ ਕੀਤਾ ਜਾਣਾ ਹੈ ਪਰ ਮੈਸੀ ਕਰਾਸਿੰਗ ਲਈ ਆਪਣਾ ਯੋਗਦਾਨ ਪਾਉਣ ਤੋਂ ਉਹ ਪਿੱਛੇ ਹਟ ਰਹੇ ਹਨ।
ਬੀ.ਸੀ. 2030 ਤੱਕ ਰਿਚਮੰਡ ਅਤੇ ਡੈਲਟਾ ਵਿਚਕਾਰ ਫਰੇਜ਼ਰ ਨਦੀ ਹੇਠ ਜਾਰਜ ਮੈਸੀ ਸੁਰੰਗ ਨੂੰ ਰੀਪਲੇਸ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਪ੍ਰੋਜੈਕਟ ’ਤੇ $4.15 ਬਿਲੀਅਨ ਦਾ ਖਰਚਾ ਆ ਸਕਦਾ ਹੈ।
ਗੌਰਤਲਬ ਹੈ ਕਿ ਇਸ ਹਫਤੇ ਪੱਛਮੀ ਪ੍ਰੀਮੀਅਰਜ਼ ਦੀ ਕਾਨਫਰੰਸ ਤੋਂ ਬਾਅਦ ਈਬੀ ਅਤੇ ਮਿਲਰ ਵਿਚਕਾਰ ਤਿੱਖੀ ਚਰਚਾ ਹੋਈ ਹੈ। ਇਸ ਦਾ ਕਾਰਨ ਓਟਾਵਾ ਵਲੋਂ ਕਿਊਬੈਕ ਨੂੰ ਇਮੀਗ੍ਰੇਸ਼ਨ ਸੰਬੰਧੀ ਮੁੱਦਿਆਂ ਦੇ ਹੱਲ ਲਈ $750 ਮਿਲੀਅਨ ਦੀ ਮਦਦ ਦੇਣ ਦਾ ਐਲਾਨ ਕਰਨਾ ਹੈ, ਜਿਸ ਤੋਂ ਈਬੀ ਨਾਰਾਜ਼ ਹਨ।




