Jul 19, 2024 7:44 PM - The Canadian Press

ਬੀ.ਸੀ. ਸਰਕਾਰ ਕੇਲੋਨਾ ਅਤੇ ਸਰੀ ਵਿੱਚ ਗਾਇਨੀਕੋਲੋਜੀਕਲ ਕੈਂਸਰ ਸਰਜੀਕਲ ਦੇਖਭਾਲ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਨਵੇਂ ਪ੍ਰੋਗਰਾਮ ਲਿਆ ਰਹੀ ਹੈ। ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਵੈਨਕੂਵਰ ਅਤੇ ਵਿਕਟੋਰੀਆ ਵਿਚ ਪਹਿਲਾਂ ਤੋਂ ਮੌਜੂਦ ਪ੍ਰੋਗਰਾਮਾਂ ਦੀਆਂ ਨਵੀਆਂ ਸੇਵਾਵਾਂ ਅਤੇ ਵਿਸਥਾਰ ਨਾਲ ਸੂਬੇ ਵਿਚ ਕੈਂਸਰ ਦੀ ਦੇਖਭਾਲ ਪ੍ਰਦਾਨ ਕਰਨ ਵਾਲੇ ਸਰਜਨਾਂ ਦੀ ਗਿਣਤੀ ਅੱਠ ਤੋਂ ਦੁੱਗਣੀ ਹੋ ਕੇ 15 ਹੋ ਜਾਵੇਗੀ।
ਈਬੀ ਦਾ ਕਹਿਣਾ ਹੈ ਕਿ ਬੀ.ਸੀ. ਵਿੱਚ ਪਿਛਲੇ ਦਹਾਕੇ ਵਿੱਚ ਗਾਇਨੀਕੋਲੋਜੀਕਲ ਕੈਂਸਰ ਦੀਆਂ ਦਰਾਂ ਵਿੱਚ ਲਗਭਗ 50 ਫੀਸਦੀ ਦਾ ਵਾਧਾ ਹੋਇਆ ਹੈ। ਇਕ ਸਰਕਾਰੀ ਬਿਆਨ ਮੁਤਾਬਕ ਕੇਲੋਨਾ ਵਿਚ ਪ੍ਰੋਗਰਾਮ ਸਤੰਬਰ ਵਿਚ ਸ਼ੁਰੂ ਹੋਣ ਦੀ ਉਮੀਦ ਹੈ, ਜਿਸ ਵਿਚ ਤਿੰਨ ਨਵੇਂ ਓਨਕੋਲੋਜਿਸਟ ਅਤੇ 27 ਸਟਾਫ ਮੈਂਬਰਾਂ ਵਲੋਂ ਸੇਵਾਵਾਂ ਨਿਭਾਈਆਂ ਜਾਣਗੀਆਂ।
ਦੂਜੇ ਪਾਸੇ ਸਰੀ ਪ੍ਰੋਗਰਾਮ ਦੀ ਤਰੀਕ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ ਪਰ ਬਿਆਨ ਅਨੁਸਾਰ ਇਸ ਵਿਚ 3 ਗਾਇਨੀਕੋਲੋਜੀਕਲ ਓਨਕੋਲੋਜਿਸਟ ਅਤੇ ਇਕ ਸਰਜਰੀ ਤੋਂ ਪਹਿਲਾਂ ਅਤੇ ਪੋਸਟ-ਸਰਜਰੀ ਸਹਾਇਤਾ ਟੀਮ ਸ਼ਾਮਲ ਹੋਵੇਗੀ।
ਇਸ ਤੋਂ ਇਲਾਵਾ ਵਿਕਟੋਰੀਆ ਵਿਚ ਚੱਲ ਰਹੇ ਪ੍ਰੋਗਰਾਮ ਵਿਚ ਇਕ ਹੋਰ ਓਨਕੋਲੋਜਿਸਟ ਨੂੰ ਸ਼ਾਮਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੂਬੇ ਦੇ ਕੈਂਸਰ ਐਕਸ਼ਨ ਪਲੈਨ ਤਹਿਤ ਅਗਲੇ 3 ਸਾਲਾਂ ਵਿਚ ਇਸ ਵਾਧੇ ਲਈ 270 ਮਿਲੀਅਨ ਦਿੱਤੇ ਜਾਣਗੇ।




