Jul 26, 2024 6:48 PM - The Canadian Press

ਬੀ.ਸੀ. ਸਰਕਾਰ ਵਲੋਂ ਅੱਜ ਤੋਂ ਕੋਵਿਡ-19 ਜਨਤਕ ਸਿਹਤ ਐਮਰਜੈਂਸੀ ਅਤੇ ਹੈਲਥ ਕੇਅਰ ਵਰਕਰ ਲਈ ਟੀਕੇ ਦੀ ਲੋੜ ਨੂੰ ਖਤਮ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਬਾਕੀ ਦੀਆਂ ਪਾਬੰਦੀਆਂ ਅਤੇ ਪਬਲਿਕ ਹੈਲਥ ਆਰਡਰ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਸੂਬਾਈ ਸਿਹਤ ਅਫ਼ਸਰ ਡਾ.ਬੋਨੀ ਹੈਨਰੀ ਨੇ ਅੱਜ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਅੱਜ ਸੱਚਮੁੱਚ ਇੱਕ ਬਹੁਤ ਹੀ ਖ਼ਾਸ ਦਿਨ ਹੈ। ਕਿਉਂਕਿ ਕੋਵਿਡ-19 ਮਹਾਂਮਾਰੀ ਨੇ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਦੁਨੀਆ ਵਿੱਚ ਬਹੁਤ ਕੁਝ ਬਦਲ ਗਿਆ ਹੈ।
ਹੈਨਰੀ ਨੇ ਅੱਗੇ ਕਿਹਾ ਕਿ ਹੁਣ ਅਸੀਂ ਉਸ ਮੁਕਾਮ ’ਤੇ ਪਹੁੰਚ ਗਏ ਹਾਂ ਜਿੱਥੇ ਜਨਤਕ ਸਿਹਤ ਐਮਰਜੈਂਸੀ ਨੂੰ ਹਟਾਇਆ ਜਾ ਸਕਦਾ ਹੈ। ਹੈਨਰੀ ਨੇ ਅੱਜ ਸਿਹਤ ਮੰਤਰੀ ਐਡਰੀਅਨ ਡਿਕਸ ਦੇ ਨਾਲ ਇਸ ਤਬਦੀਲੀ ਦਾ ਐਲਾਨ ਕੀਤਾ।
ਹੈਨਰੀ ਨੇ ਕਿਹਾ ਕਿ ਪਿਛਲੇ ਹਫਤੇ ਦੌਰਾਨ ਸੂਬੇ ਵਿਚ ਕੋਵਿਡ-19 ਦੇ 200 ਤੋਂ ਵੀ ਘੱਟ ਮਰੀਜ਼ ਆਈ.ਸੀ.ਯੂ. ਵਿਚ ਭਰਤੀ ਸਨ ਅਤੇ ਕੱਲ੍ਹ ਤਕ ਇਹ ਸੰਖਿਆ 164 ਸੀ।
ਹੈਨਰੀ ਨੇ ਦੱਸਿਆ ਕਿ ਕੋਵਿਡ-19 ਦਾ ਓਮਾਈਕ੍ਰੋਨ ਵੇਰੀਐਂਟ ਅਜੇ ਵੀ ਸਭ ਤੋਂ ਪ੍ਰਮੁੱਖ ਹੈ। ਉਨ੍ਹਾਂ ਕਿਹਾ ਕਿ ਵੇਰੀਐਂਟ ਵਿਚ ਓਨੀ ਤੇਜ਼ੀ ਨਾਲ ਤਬਦੀਲੀ ਨਹੀਂ ਆਈ ਜਿੰਨੀ ਮਹਾਮਾਰੀ ਦੇ ਸਮੇਂ ਦੇਖਣ ਨੂੰ ਮਿਲੀ ਸੀ।




