May 24, 2024 7:57 PM - The Canadian Press

ਬੀ.ਸੀ. ਕੰਜ਼ਰਵੇਟਿਵ ਵਲੋਂ ਗੈਰ-ਮੁਕਾਬਲੇ ਵਾਲੀ ਡੀਲ ਰੱਦ ਕਰ ਦਿੱਤੀ ਗਈ ਹੈ ਜਿਸ ਨੂੰ ਬੀ.ਸੀ. ਯੂਨਾਈਟਿਡ ਵਲੋਂ ਪ੍ਰਸਤਾਵਿਤ ਕੀਤਾ ਗਿਆ ਸੀ। ਪਹਿਲਾਂ ਬੀ.ਸੀ. ਲਿਬਰਲ ਵਜੋਂ ਜਾਣੀ ਜਾਂਦੀ ਪਾਰਟੀ ਬੀ.ਸੀ. ਯੂਨਾਈਟਿਡ ਦਾ ਕਹਿਣਾ ਹੈ ਕਿ ਦੋਵਾਂ ਪਾਰਟੀਆਂ ਵਿਚਾਲੇ ਸੰਭਾਵਿਤ ਰਲੇਵੇਂ ਬਾਰੇ ਗੱਲਬਾਤ ਖਤਮ ਹੋ ਗਈ ਹੈ। ਬੀ.ਸੀ. ਯੂਨਾਈਟਿਡ ਦੇ ਨੇਤਾ ਕੇਵਿਨ ਫਾਲਕਨ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਕਿ ਦੋਹਾਂ ਧਿਰਾਂ ਵਿਚਾਲੇ ਸਹਿਯੋਗ ਦੀ ਸੰਭਾਵਨਾ ’ਤੇ ਚਰਚਾ ਕਰਨ ਲਈ ਦੋ ਬੈਠਕਾਂ ਕੀਤੀਆਂ ਗਈਆਂ ਸਨ।
ਫਾਲਕਨ ਦਾ ਕਹਿਣਾ ਹੈ ਕਿ ਇਨ੍ਹਾਂ ਗੱਲਬਾਤਾਂ ਦੌਰਾਨ ਉਨ੍ਹਾਂ ਦਾ ਇਕੋ-ਇਕ ਉਦੇਸ਼ ਕਿਸੇ ਵੀ ਨਿੱਜੀ ਜਾਂ ਰਾਜਨੀਤਿਕ ਹਿੱਤਾਂ ਨਾਲੋਂ ਸੂਬੇ ਦੇ ਭਲੇ ਨੂੰ ਤਰਜੀਹ ਦੇ ਕੇ ਵੋਟਾਂ ਦੀ ਵੰਡ ਦੇ ਜੋਖਮ ਨੂੰ ਘੱਟ ਕਰਨਾ ਸੀ। ਪਹਿਲੀ ਮੀਟਿੰਗ 2 ਮਈ ਨੂੰ ਹੋਈ ਸੀ, ਜਿਸ ਵਿੱਚ ਸਾਂਝੇ ਆਧਾਰ ਦੀ ਪੜਚੋਲ ਕਰਨ ਵਿੱਚ ਆਪਸੀ ਹਿੱਤ ਦੀ ਪੁਸ਼ਟੀ ਕੀਤੀ ਗਈ ਸੀ। ਦੂਜੀ ਮੀਟਿੰਗ 22 ਮਈ ਨੂੰ ਹੋਈ ਜਿਸ ਵਿੱਚ ਹਰੇਕ ਪਾਰਟੀ ਦੇ ਦੋ ਨੁਮਾਇੰਦੇ ਸ਼ਾਮਲ ਹੋਏ ਸਨ।
ਫਾਲਕਨ ਅਨੁਸਾਰ ਇਹ ਡੀਲ ਇਕ ਗੈਰ-ਮੁਕਾਬਲਾ ਫਰੇਮਵਰਕ ਸੀ ਅਤੇ ਇਸ ਵਿਚ ਪਾਰਟੀਆਂ ਦਾ ਰਲੇਵਾਂ ਸ਼ਾਮਲ ਨਹੀਂ ਹੋਵੇਗਾ, ਪਰ ਇਸ ਨਾਲ ਗੱਠਜੋੜ ਸਰਕਾਰ ਬਣ ਸਕਦੀ ਸੀ। ਜ਼ਿਕਰਯੋਗ ਹੈ ਕਿ ਯੂਨਾਈਟੇਡ ਕੋਲ ਇਸ ਸਮੇਂ ਵਿਧਾਨ ਸਭਾ ਵਿੱਚ 16 ਸੀਟਾਂ ਹਨ ਜਦਕਿ ਕੰਜ਼ਰਵੇਟਿਵ ਕੋਲ ਦੋ ਸੀਟਾਂ ਹਨ। ਜੇਕਰ ਇਸ ਪ੍ਰਸਤਾਵ ’ਤੇ ਸਹਿਮਤੀ ਹੋ ਜਾਂਦੀ ਤਾਂ ਕੰਜ਼ਰਵੇਟਿਵ ਪਾਰਟੀ 46 ਸੀਟਾਂ ’ਤੇ ਅਤੇ ਯੂਨਾਈਟਿਡ 47 ਸੀਟਾਂ ’ਤੇ ਜਿੱਤ ਹਾਸਲ ਕਰ ਲੈਂਦੀ।




