Jun 20, 2024 3:45 PM - The Canadian Press

ਬੀ.ਸੀ. ਯੂਨਾਈਟਿਡ ਦੇ ਉਮੀਦਵਾਰ ਕ੍ਰਿਸ ਮੂਰ ਨੇ ਪਾਰਟੀ ਨੂੰ ਛੱਡ ਕੇ ਬੀ.ਸੀ. ਕੰਜ਼ਰਵੇਟਿਵ ਦਾ ਪੱਲਾ ਫੜ ਲਿਆ ਹੈ। ਬੀਤੇ ਦਿਨ ਬੀ. ਸੀ. ਦੀ ਵਿਧਾਨ ਸਭਾ ਦੇ ਰੋਜ਼ ਗਾਰਡਨ ਵਿਚ ਮੂਰ ਨੇ ਘੋਸ਼ਣਾ ਕੀਤੀ ਕਿ ਉਹ ਕੰਜ਼ਰਵੇਟਿਵ ਵਲੋਂ ਪਾਵੇਲ ਰਿਵਰ ਸਨਸ਼ਾਈਨ ਕੋਸਟ ਰਾਈਡਿੰਗ ਦੀ ਸੇਵਾ ਕਰਨਗੇ, ਉਹ ਪਹਿਲਾਂ ਸੇਚੇਲਟ ਵਿਚ ਜ਼ਿਲ੍ਹਾ ਕੌਂਸਲਰ ਵਜੋਂ ਸੇਵਾ ਨਿਭਾਅ ਚੁੱਕੇ ਹਨ। ਉਹ ਬਿਜ਼ਨਸ ਲੀਡਰ ਵਜੋਂ ਉੱਭਰੇ ਹਨ।
ਉਹ 1983 ਤੋਂ ਸੂਟਨ ਗਰੁੱਪ-ਵੈਸਟ ਕੋਸਟ ਰੀਅਲਟੀ ਨਾਲ ਰੀਅਲਟਰ ਵਜੋਂ ਜੁੜੇ ਹਨ। ਕੇਵਿਨ ਫਾਲਕਨ ਦੀ ਪਾਰਟੀ ਨੇ ਕੱਲ ਸਵੇਰੇ ਉਨ੍ਹਾਂ ਦੇ ਪਾਰਟੀ ਛੱਡਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਬੀ.ਸੀ. ਯੂਨਾਈਟਿਡ ਦੇ ਲੀਡਰਜ਼ ਅਤੇ ਮੂਰ ਦੇ ਵਿਚਾਰ ਮੇਲ ਨਹੀਂ ਖਾਂਦੇ, ਜਿਸ ਕਾਰਨ ਉਨ੍ਹਾਂ ਉਸ ਪਾਰਟੀ ਨੂੰ ਛੱਡ ਦਿੱਤਾ ਹੈ।
ਮੂਰ ਨੂੰ ਐੱਨ.ਡੀ.ਪੀ. ਦੇ ਗੜ੍ਹ ਤੋਂ ਉਤਾਰਿਆ ਜਾ ਰਿਹਾ ਹੈ, ਜਿੱਥੇ 2005 ਤੋਂ ਐੱਨ.ਡੀ.ਪੀ. ਦੇ ਉਮੀਦਵਾਰ ਅਤੇ ਸਾਬਕਾ ਪੱਤਰਕਾਰ ਰੈਂਡੇਨ ਨੀਲ ਦਾ ਕਬਜ਼ਾ ਰਿਹਾ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਬੀ.ਸੀ. ਯੂਨਾਈਟਿਡ ਵਿਧਾਇਕ ਏਲੇਨੋਰ ਸਟੁਰਕੋ ਨੇ ਪਾਰਟੀ ਛੱਡ ਕੇ ਕੰਜ਼ਰਵੇਟਿਵਜ਼ ਦਾ ਸਮਰਥਨ ਕੀਤਾ ਹੈ। ਇਸ ਦੇ ਇਲਾਵਾ ਬਹੁਤ ਸਾਰੇ ਨੇਤਾਵਾਂ ਨੇ ਚੋਣਾਂ ਤੋਂ ਪਹਿਲਾਂ ਪਾਰਟੀ ਬਦਲਣ ਜਾਂ ਛੱਡਣ ਦਾ ਐਲਾਨ ਕੀਤਾ ਹੈ।




