Jul 23, 2024 5:46 PM - The Canadian Press

ਵੈਨਕੂਵਰ ਦੇ ਇੰਗਲਿਸ਼ ਬੇਅ ਤੋਂ ਕੱਲ ਇਕ ਹੋਰ ਔਰਤ ਦੀ ਲਾਸ਼ ਮਿਲਣ ਦੀ ਖਬਰ ਹੈ। ਵੈਨਕੂਵਰ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਕੱਲ੍ਹ ਦੁਪਿਹਰ ਲਗਭਗ 1:30 ਵਜੇ ਕਿਟਸੀਲਾਨੋ ਯਾਚ ਕਲੱਬ ਨੇੜੇ ਤਟ ’ਤੇ ਇਕ ਹੋਰ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਔਰਤ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਅਜੇ ਤੱਕ ਇਹ ਪਤਾ ਵੀ ਨਹੀਂ ਲੱਗ ਸਕਿਆ ਹੈ ਕਿ ਉਸ ਦੀ ਮੌਤ ਕਿਸੇ ਅਪਰਾਧ ਦਾ ਨਤੀਜਾ ਹੈ ਜਾਂ ਨਹੀਂ।
ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਮੇਜਰ ਕ੍ਰਾਈਮ ਸੈਕਸ਼ਨ ਅਤੇ ਫੋਰੈਂਸਿਕ ਪਛਾਣ ਯੂਨਿਟ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਸ ਔਰਤ ਦੀ ਮੌਤ ਇਕ ਦੂਜੀ ਔਰਤ ਦੀ ਮੌਤ ਦੇ ਨਾਲ ਜੁੜੀ ਹੈ ਜਿਸ ਦੀ ਲਾਸ਼ ਐਤਵਾਰ ਸਵੇਰੇ ਸਨਸੈੱਟ ਬੀਚ ਨੇੜੇ ਮਿਲੀ ਸੀ।
ਵੈਨਕੂਵਰ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਸਨਸੈੱਟ ਬੀਚ ਨੇੜੇ ਮਿਲੀ ਔਰਤ ਦੇ ਮਾਮਲੇ ਦੀ ਜਾਂਚ ਬੀ.ਸੀ. ਕੋਰੋਨਰ ਸਰਵਿਸ ਵਲੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿਸੇ ਵੀ ਔਰਤ ਦੀ ਪਹਿਚਾਣ ਨਹੀਂ ਹੋ ਸਕੀ ਹੈ। ਇਸ ਮਾਮਲੇ ਵਿਚ ਕੋਈ ਵੀ ਜਾਣਕਾਰੀ ਹੋਣ ’ਤੇ ਮੇਜਰ ਕ੍ਰਾਈਮ ਸੈਕਸ਼ਨ ਨਾਲ 604-717-2500 ’ਤੇ ਸੰਪਰਕ ਕੀਤਾ ਜਾ ਸਕਦਾ ਹੈ।




