Aug 7, 2024 7:22 PM - The Canadian Press

ਬੋਇੰਗ ਵਲੋਂ ਕੈਨੇਡਾ ਦੇ ਫੌਜੀ ਜਹਾਜ਼ਾਂ ਦੇ ਇਕਰਾਰਨਾਮੇ ਤਹਿਤ ਬੀ.ਸੀ. ਵਿਚ 61 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਅਸਲ ਵਿਚ ਇਹ ਪੈਸਾ ਬੋਇੰਗ ਕੈਨੇਡਾ ਵਲੋਂ ਬੀ.ਸੀ. ਵਿੱਚ ਏਰੋਸਪੇਸ ਨਿਰਮਾਣ ਸਿਖਲਾਈ ਸਹੂਲਤ ਦੇ ਨਾਲ-ਨਾਲ ਰਿਸਰਚ ਐਂਡ ਡਿਵੈਲਪਮੈਂਟ ਲਈ ਨਿਵੇਸ਼ ਕੀਤਾ ਜਾ ਰਿਹਾ ਹੈ। ਇਹ ਦਿੱਗਜ ਅਮਰੀਕੀ ਹਵਾਬਾਜ਼ੀ ਕੰਪਨੀ ਦਾ ਤਾਜ਼ਾ ਐਲਾਨ ਹੈ ਜੋ ਓਟਵਾ ਨਾਲ ਨਵੇਂ ਮਿਲਟਰੀ ਨਿਗਰਾਨੀ ਜਹਾਜ਼ ਦੀ ਖਰੀਦ ਦੇ ਅਰਬਾਂ ਡਾਲਰ ਦੇ ਸੌਦੇ ਦਾ ਹਿੱਸਾ ਹੈ।
ਰਾਸ਼ਟਰੀ ਰੱਖਿਆ ਮੰਤਰੀ ਬਿਲ ਬਲੇਅਰ ਨੇ ਰਿਚਮੰਡ ਵਿੱਚ ਬੋਇੰਗ ਕੈਨੇਡਾ ਫੈਸੀਲਿਟੀ ਵਿੱਚ ਨਿਵੇਸ਼ ਦਾ ਸਵਾਗਤ ਕੀਤਾ ਹੈ। ਫੈਡਰਲ ਸਰਕਾਰ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਉਹ 40 ਸਾਲਾਂ ਤੋਂ ਵੱਧ ਸਮੇਂ ਤੋਂ ਸੇਵਾ ਵਿੱਚ ਚੱਲ ਰਹੇ ਅਰੋਰਾ ਏਅਰਕ੍ਰਾਫ਼ਟ ਨੂੰ ਪੜਾਅਵਾਰ ਖਤਮ ਕਰਨ ਲਈ 16 ਬੋਇੰਗ-ਪੀ 8 ਏ ਪੋਸੀਡਨ ਮਲਟੀ-ਮਿਸ਼ਨ ਏਅਰਕ੍ਰਾਫਟ ਖਰੀਦੇਗੀ।
ਬੋਇੰਗ ਆਪਣੀ ਮੈਟਰੋ ਵੈਨਕੂਵਰ ਫੈਸੀਲਿਟੀ ਵਿੱਚ ਆਪਣੀ ਰਿਸਰਚ ਐਂਡ ਡਿਵੈਲਪਮੈਂਟ ਸਮਰੱਥਾ ਵਧਾਉਣ ਲਈ 48 ਮਿਲੀਅਨ ਡਾਲਰ ਖਰਚ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਜ਼ਿਕਰਯੋਗ ਹੈ ਕਿ 10 ਬਿਲੀਅਨ ਡਾਲਰ ਤੋਂ ਵੱਧ ਦਾ ਇਹ ਫੌਜੀ ਜਹਾਜ਼ ਸਮਝੌਤਾ ਬੋਇੰਗ ਵੱਲੋਂ 10 ਸਾਲਾਂ ਵਿੱਚ ਕੈਨੇਡਾ ਵਿੱਚ 5.4 ਬਿਲੀਅਨ ਡਾਲਰ ਦੀਆਂ ਵਪਾਰਕ ਗਤੀਵਿਧੀਆਂ ਅਤੇ ਨਿਵੇਸ਼ ਪ੍ਰਦਾਨ ਕਰਨ ਦੇ ਵਾਅਦੇ ਨਾਲ ਕੀਤਾ ਗਿਆ ਸੀ, ਜਿਸ ਵਿੱਚ ਘਰੇਲੂ ਸਪਲਾਇਰ ਨੂੰ ਖਿੱਚਣਾ ਅਤੇ 3,000 ਨੌਕਰੀਆਂ ਦੇਣਾ ਸ਼ਾਮਲ ਹੈ।




