Sep 8, 2026 2:51 PM - Connect Newsroom - Ramandeep Kaur

ਬਰੈਂਪਟਨ ਵਿਚ ਰਿਟੇਲ ਸਟੋਰਾਂ ਵਿਚ ਲੜੀਵਾਰ ਡਕੈਤੀਆਂ ਦੀਆਂ ਘਟਨਾਵਾਂ ਦੇ ਸਬੰਧ ਵਿਚ ਇੱਕ ਪੰਜਾਬੀ ਨੌਜਵਾਨ ਨੂੰ ਪੀਲ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਤਪਿੰਦਰ ਸਿੰਘ ਘੁੰਮਣ ਵਜੋਂ ਹੋਈ ਹੈ। ਪੀਲ ਪੁਲਿਸ ਨੇ ਦੱਸਿਆ ਕਿ 14 ਅਗਸਤ ਤੋਂ 24 ਅਗਸਤ ਵਿਚਕਾਰ ਬਰੈਂਪਟਨ ਦੇ 5 ਰਿਟੇਲ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਔਫੀਸਰ ਮੁਤਾਬਕ, ਹਰੇਕ ਕੇਸ ਵਿਚ ਸ਼ੱਕੀ ਦਾ ਤਰੀਕਾ ਇੱਕੋ-ਜਿਹਾ ਸੀ, ਉਹ ਕਾਰੋਬਾਰ ਵਿਚ ਦਾਖਲ ਹੁੰਦਾ ਸੀ ਅਤੇ ਇੱਕ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਪੈਸਿਆਂ ਦੀ ਲੁੱਟ ਕਰਦਾ ਸੀ।
ਜਾਂਚ ਦੌਰਾਨ ਮੁਲਜ਼ਮ ਦੀ ਪਛਾਣ ਬਰੈਂਪਟਨ ਦੇ 22 ਸਾਲਾ ਤਪਿੰਦਰ ਸਿੰਘ ਘੁੰਮਣ ਵਜੋਂ ਹੋਈ ਅਤੇ 29 ਅਗਸਤ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੀਲ ਪੁਲਿਸ ਨੇ ਤਪਿੰਦਰ ਘੁੰਮਣ 'ਤੇ ਡਕੈਤੀ ਦੇ ਪੰਜ ਚਾਰਜਿਜ਼, ਅਪਰਾਧ ਕਰਨ ਦੇ ਇਰਾਦੇ ਨਾਲ ਭੇਸ ਬਦਲਣ ਦੇ 6 ਚਾਰਜਿਜ਼ ਅਤੇ ਗੰਭੀਰ ਅਪਰਾਧ ਕਰਨ ਦੀ ਕੋਸ਼ਿਸ਼ ਦਾ ਇੱਕ ਚਾਰਜ ਲਗਾਇਆ ਹੈ। ਪੁਲਿਸ ਵਲੋਂ ਉਸ ਦੀ ਤਸਵੀਰ ਵੀ ਜਨਤਕ ਕੀਤੀ ਗਈ ਹੈ ਅਤੇ ਦੱਸਿਆ ਕਿ ਮੁਲਜ਼ਮ ਬਰੈਂਪਟਨ ਦਾ ਹੀ ਰਹਿਣ ਵਾਲਾ ਹੈ।




