Feb 4, 2021 1:17 AM -

ਅੱਜ ਬੀ.ਸੀ. 'ਚ ਕੋਵਿਡ-19 ਦੇ 414 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਦੁੱਖ ਦੀ ਗੱਲ ਸੀ ਕਿ 16 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 68,780 ਤੱਕ ਪਹੁੰਚ ਗਈ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,234 ਹੋ ਗਈ ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 4,426 ਤੱਕ ਪਹੁੰਚ ਗਏ ਹਨ।
ਕੁੱਲ 278 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ 'ਚ 80 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਸੂਬੇ ਦੇ 142,146 ਲੋਕਾਂ ਨੂੰ ਕੀਤਾ ਜਾ ਚੁੱਕਾ ਵੈਕਸੀਨੇਟ
ਹੁਣ ਤੱਕ ਬੀ.ਸੀ. 'ਚ ਕੋਵਿਡ-19 ਵੈਕਸੀਨ ਦੀਆਂ 142,146 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ।
ਬੁੱਧਵਾਰ ਤੱਕ ਦੇ ਅੰਕੜਿਆਂ ਅਨੁਸਾਰ ਬੀ.ਸੀ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ ਹੁਣ ਤੱਕ ਸੂਬੇ 'ਚ ਕੁੱਲ 156,250 ਵੈਕਸੀਨ ਖੁਰਾਕਾਂ ਡਿਲਿਵਰ ਹੋ ਚੁੱਕੀਆਂ ਹਨ।
ਡਾ. ਹੈਨਰੀ ਨੇ ਦੱਸਿਆ ਕਿ ਹੁਣ ਤੱਕ ਪ੍ਰਦਾਨ ਕੀਤੀਆਂ ਗਈਆਂ ਖੁਰਾਕਾਂ 'ਚ 6,417 ਲੋਕ ਅਜਿਹੇ ਹਨ ਜਿੰਨਾ ਨੂੰ ਵੈਕਸੀਨ ਦੀ ਦੂਜੀ ਖੁਰਾਕ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਬਰਨਬੀ ਹਸਪਤਾਲ 'ਚ ਐਲਾਨੀ ਆਊਟਬ੍ਰੇਕ
ਮੈਟਰੋ ਵੈਨਕੂਵਰ ਦੀਆਂ ਹੈਲਥ ਕੇਅਰ ਫੈਸਿਲਟੀਆਂ ਵਿੱਚ 2 ਨਵੇਂ ਕੋਵਿਡ-19 ਆਊਟਬ੍ਰੇਕ ਐਲਾਨ ਦਿੱਤੇ ਗਏ ਹਨ।
ਇਸ 'ਚ ਇੱਕ ਅਜਿਹੇ ਹਸਪਤਾਲ ਦੀ ਆਊਟਬ੍ਰੇਕ ਵੀ ਸ਼ਾਮਿਲ ਹੈ, ਜਿੱਥੇ ਪਹਿਲਾਂ ਹੀ 2 ਆਊਟਬ੍ਰੇਕ ਐਲਾਨੇ ਜਾ ਚੁੱਕੇ ਹਨ।
ਫਰੇਜ਼ਰ ਹੈਲਥ ਦਾ ਕਹਿਣਾ ਹੈ ਕਿ ਬਰਨਬੀ ਹਸਪਤਾਲ 'ਚ ਵਾਇਰਸ ਦੀ ਨਵੀਂ ਆਊਟਬ੍ਰੇਕ ਐਲਾਨੀ ਗਈ ਹੈ।
ਮੈਡੀਸਿਨ ਯੂਨਿਟ 'ਚ 9 ਮਰੀਜ਼ਾਂ ਦੇ ਪਾਜੀਟਿਵ ਪਾਏ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
ਇਸ ਆਊਟਬ੍ਰੇਕ ਨੂੰ ਇੱਕ ਯੂਨਿਟ ਤੱਕ ਸੀਮਤ ਦੱਸਿਆ ਗਿਆ ਹੈ।
ਇਸ ਤੋਂ ਇਲਾਵਾ ਸਰੀ ਦੇ ਕੇਅਰਲਾਈਫ ਫਲੀਟਵੁਡ 'ਚ ਵੀ ਆਊਟਬ੍ਰੇਕ ਐਲਾਨੀ ਗਈ ਹੈ।




