Dec 29, 2020 9:21 PM -

ਰਿਟਾਇਰਡ ਜਨਰਲ ਰਿਕ ਹਿਲੀਅਰ ਨੇ ਮੰਨਿਆ ਹੈ ਕਿ ਔਂਟੈਰੀਓ 'ਚ ਕ੍ਰਿਸਮਸ ਅਤੇ ਬੌਕਸਿੰਗ ਡੇਅ ਦੌਰਾਨ ਕੁਝ ਕੋਵਿਡ-19 ਵੈਕਸੀਨੇਸ਼ਨ ਕਲੀਨਿਕਸ ਨੂੰ ਬੰਦ ਕਰਨਾ ਸਹੀ ਫੈਸਲਾ ਨਹੀਂ ਸੀ।
ਇਸ ਫੈਸਲੇ 'ਤੇ ਮੈਡਿਕਲ ਮਾਹਿਰਾਂ ਨੇ ਤਿੱਖੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਸਨ।
ਇਹ ਵੀ ਕਿਹਾ ਗਿਆ ਸੀ ਕਿ ਵਾਇਰਸ ਛੁੱਟੀ 'ਤੇ ਨਹੀਂ ਜਾਂਦਾ।
ਹਿਲੀਅਰ ਨੇ ਕਿਹਾ ਕਿ ਅੱਜ ਔਂਟੈਰੀਓ ਦੇ ਸਾਰੇ ਕਲੀਨਿਕ ਖੁੱਲ੍ਹ ਗਏ ਹਨ।
ਉਨ੍ਹਾਂ ਕਿਹਾ ਕਿ ਸੂਬੇ ਨੂੰ ਮੌਡਰਨਾ ਵੈਕਸੀਨ ਦੀ ਪਹਿਲੀ ਡੋਜ਼ ਬੁੱਧਵਾਰ ਨੂੰ ਹਾਸਿਲ ਹੋ ਸਕਦੀ ਹੈ।
ਇਸ ਨੂੰ ਲੌਂਗ ਟਰਮ ਕੇਅਰ ਹੋਮਸ ਅਤੇ ਰਿਟਾਇਰਮੈਂਟ ਹੋਮਸ ਤੱਕ ਪਹੁੰਚਾਇਆ ਜਾਵੇਗਾ।
ਯਾਦ ਰਹੇ ਔਂਟੈਰੀਓ 'ਚ ਅੱਜ ਕੋਵਿਡ-19 ਦੇ ਕਰੀਬ 4,500 ਮਾਮਲੇ ਰਿਪੋਰਟ ਹੋਏ ਹਨ।
ਇਹ 2 ਦਿਨ ਦਾ ਅੰਕੜਾ ਹੈ।
ਇਸ 'ਚ ਅੱਜ ਦੇ 2,500 ਤੋਂ ਵਧੇਰੇ ਮਾਮਲੇ ਸ਼ਾਮਿਲ ਹਨ।
ਅੱਜ ਰਿਪੋਰਟ ਹੋਏ 2,553 ਮਾਮਲੇ, ਸੂਬੇ 'ਚ ਹੁਣ ਤੱਕ ਦਾ ਇੱਕੋ ਦਿਨ ਦਾ ਸਭ ਤੋਂ ਵੱਡਾ ਵਾਧਾ ਦਰਸ਼ਾਉਂਦੇ ਹਨ।
ਐਤਵਾਰ ਦੇ ਰਿਪੋਰਟ ਹੋਏ ਮਾਮਲਿਆਂ ਦੀ ਗਿਣਤੀ 1,939 ਦੱਸੀ ਗਈ ਹੈ।
ਸੂਬੇ 'ਚ 78 ਮੌਤਾਂ ਵੀ ਰਿਪੋਰਟ ਹੋਈਆਂ ਹਨ।
ਯਾਦ ਰਹੇ ਔਂਟੈਰੀਓ 'ਚ ਸ਼ਨੀਵਾਰ ਤੋਂ ਲੌਕਡਾਊਨ ਲਗਾ ਦਿੱਤਾ ਗਿਆ ਹੈ।




