Sep 17, 2026 4:11 PM - Connect Newsroom - Ramandeep Kaur

ਬੀ.ਸੀ. ਕੰਜ਼ਰਵੇਟਿਵ ਵਿਚ ਚੱਲ ਰਹੀ ਅੰਦਰੂਨੀ ਸਿਆਸੀ ਹਲਚਲ ਦਰਮਿਆਨ ਪਾਰਟੀ ਲੀਡਰ ਕੈਰੀ-ਲਿਨ ਫਿੰਡਲੇ ਤੋਂ ਅਸਤੀਫ਼ਾ ਮੰਗੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ, ਬੁੱਧਵਾਰ ਰਾਤ ਵੈਨਕੂਵਰ ਦੇ ਡਾਊਨਟਾਊਨ ਵਿਚ ਪਾਰਟੀ ਦੀ ਇੱਕ ਹੰਗਾਮੀ ਕਾਕਸ ਮੀਟਿੰਗ ਬੁਲਾਈ ਗਈ ਸੀ, ਜਿਸ ਵਿਚ ਘੱਟੋ-ਘੱਟ ਦੋ ਮੌਜੂਦਾ ਵਿਧਾਇਕਾਂ ਨੇ ਫਿੰਡਲੇ ਦੀ ਲੀਡਰਸ਼ਿਪ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਨੂੰ ਤੁਰੰਤ ਅਹੁਦਾ ਛੱਡਣ ਦੀ ਮੰਗ ਕੀਤੀ।
ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ ਮੀਟਿੰਗ ਕਾਫੀ ਤਣਾਅਪੂਰਨ ਰਹੀ ਅਤੇ ਰਾਤ ਦੇ ਕਰੀਬ 11:30 ਵਜੇ ਖ਼ਤਮ ਹੋਈ ਪਰ ਫਿੰਡਲੇ ਨੇ ਆਪਣੇ ਲੀਡਰਸ਼ਿਪ ਅਹੁਦੇ ਤੋਂ ਪਿੱਛੇ ਹਟਣ ਜਾਂ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਉਨ੍ਹਾਂ ਵਲੋਂ ਮਈ ਵਿਚ ਪਾਰਟੀ ਦੀ ਕਮਾਨ ਸੰਭਾਲਣ ਤੋਂ ਬਾਅਦ ਹੁਣ ਤੱਕ ਲਗਭਗ 9 ਵਿਧਾਇਕ ਪਾਰਟੀ ਛੱਡ ਚੁੱਕੇ ਹਨ ਅਤੇ 2024 ਵਿਚ 44 ਸੀਟਾਂ ਜਿੱਤ ਕੇ ਆਈ ਬੀ.ਸੀ. ਕੰਜ਼ਰਵੇਟਿਵ ਇਸ ਸਮੇਂ 28 ਵਿਧਾਇਕਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ।




