Aug 19, 2026 7:13 PM - Connect Newsroom - Ramandeep Kaur with files from The Canadian Press

ਕੈਨੇਡਾ ਨੂੰ ਅਮਰੀਕਾ ਨਾਲ ਤਾਜ਼ਾ ਡੀਲ ਵਿਚ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਜ਼ 'ਤੇ ਟੈਰਿਫ ਵਿਚ ਕੁਝ ਰਾਹਤ ਮਿਲ ਸਕਦੀ ਹੈ। ਰਿਪੋਰਟਸ ਮੁਤਾਬਕ, ਅਮਰੀਕਾ ਅਤੇ ਕੈਨੇਡਾ ਵਿਚਾਲੇ ਅੰਤਿਮ ਰੂਪ ਦਿੱਤੇ ਜਾ ਰਹੇ ਨਵੇਂ ਵਪਾਰਕ ਸਮਝੌਤੇ ਦੇ ਹਿੱਸੇ ਵਜੋਂ ਵਾਸ਼ਿੰਗਟਨ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦੇ ਕੁਝ ਨਿਰਯਾਤ 'ਤੇ ਮੌਜੂਦਾ 50 ਫੀਸਦੀ ਟੈਰਿਫ ਨੂੰ ਘਟਾ ਕੇ 25 ਫੀਸਦੀ ਕਰ ਸਕਦਾ ਹੈ।
ਇਸ ਸਮਝੌਤੇ ਦੇ ਵੇਰਵਿਆਂ ਨੂੰ ਅਜੇ ਹਾਲਾਂਕਿ, ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ ਅਤੇ ਇਹ ਉਮੀਦ ਨਹੀਂ ਹੈ ਕਿ ਇਹ ਨਿਯਮ ਸਾਰੇ ਉਤਪਾਦਾਂ 'ਤੇ ਬਰਾਬਰ ਲਾਗੂ ਹੋਣਗੇ। ਰਿਪੋਰਟਸ ਮੁਤਾਬਕ, ਸਟੀਲ, ਐਲੂਮੀਨੀਅਮ ਤੋਂ ਬਣੇ ਕੁਝ ਡੈਰੀਵੇਟਿਵ ਉਤਪਾਦ 'ਤੇ ਵੱਖ-ਵੱਖ ਟੈਰਿਫ ਦਰਾਂ ਲਾਗੂ ਹੋ ਸਕਦੀਆਂ ਹਨ। ਉਥੇ ਹੀ, ਆਟੋਮੋਬਾਈਲਜ਼ 'ਤੇ ਟੌਪ-ਲਾਈਨ ਟੈਰਿਫ ਨੂੰ 25 ਤੋਂ ਘਟਾ ਕੇ 15 ਫੀਸਦੀ ਕੀਤਾ ਜਾ ਸਕਦਾ ਹੈ।
ਇਸ ਵਿਚਕਾਰ ਕੈਨੇਡਾ-ਅਮਰੀਕਾ ਵਪਾਰ ਲਈ ਮੰਤਰੀ ਡੋਮਿਨਿਕ ਲੇਬਲੈਂਕ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਲੇਬਲੈਂਕ ਵਾਸ਼ਿੰਗਟਨ ਤੋਂ ਵਾਪਸ ਔਟਵਾ ਪਹੁੰਚ ਰਹੇ ਹਨ, ਜਿੱਥੇ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕਰਕੇ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਜ਼ਰੂਰੀ ਗੱਲਬਾਤ ਕੀਤੀ ਜਾਣੀ ਹੈ।




