Aug 9, 2024 5:41 PM - The Canadian Press

ਕੈਨੇਡਾ ਨੇ ਬੇਲਾਰੂਸ ਵਿਚ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਹੋਈ ਧਾਂਦਲੀ ਦੇ ਵਰੇਗੰਢ ਮੌਕੇ ਉੱਥੋਂ ਦੇ ਤਾਕਤਵਰ ਲੋਕਾਂ ਅਤੇ ਕੰਪਨੀਆਂ ’ਤੇ ਨਵੀਆਂ ਪਾਬੰਦੀਆਂ ਲਗਾਉਣ ਦੀ ਘੋਸ਼ਣਾ ਕੀਤੀ ਹੈ। ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਕਿ ਬੇਲਾਰੂਸ ਦੇ 10 ਤਾਕਤਵਰ ਲੋਕਾਂ ਅਤੇ 6 ਸੰਸਥਾਵਾਂ ’ਤੇ ਨਵੀਂਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।
ਜੋਲੀ ਮੁਤਾਬਕ, ਇਹ ਪਾਬੰਦੀਆਂ ਬੇਲਾਰੂਸ ਵਿਚ ਮਨੁੱਖੀ ਅਧਿਕਾਰਾਂ ਦੀ ਲਗਾਤਾਰ ਹੋ ਰਹੀ ਉਲੰਘਣਾ ਅਤੇ ਯੂਕਰੇਨ ਵਿਰੁੱਧ ਰੂਸ ਦੀ ਜੰਗ ਨੂੰ ਸਮਰਥਨ ਦੇਣ ਦੇ ਜਵਾਬ ਵਿਚ ਲਗਾਈਆਂ ਗਈਆਂ ਹਨ। ਇਸ ਪਾਬੰਦੀਸ਼ੁਦਾ ਸੂਚੀ ਵਿਚ ਉਹ ਜੱਜ ਵੀ ਸ਼ਾਮਲ ਹਨ ਜਿਨ੍ਹਾਂ ਨੇ 2020 ਦੀਆਂ ਇਲੈਕਸ਼ਨਸ ਦਾ ਵਿਰੋਧ ਕਰਨ ਵਾਲੇ ਨਾਗਰਿਕਾਂ ਦੇ ਅਧਿਕਾਰਾਂ ਨੂੰ ਨੁਕਸਾਨ ਪਹੁੰਚਾਇਆ ਸੀ।
ਇਸ ਤੋਂ ਇਲਾਵਾ ਇਸ ਸੂਚੀ ਵਿਚ ਬੇਲਾਰੂਸ ਵਿਚ ਰੂਸ ਲਈ ਫੌਜੀ ਉਤਪਾਦਨ ਤੇ ਮੁਰੰਮਤ ਵਿਚ ਸਾਥ ਦੇਣ ਵਾਲੇ ਲੋਕਾਂ ਅਤੇ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਉਥੇ ਹੀ ਸਰਕਾਰੀ ਕੰਪਨੀਆਂ ਜਿਨ੍ਹਾਂ ਨੇ 2020 ਦੀਆਂ ਇਲੈਕਸ਼ਨ ਤੋਂ ਬਾਅਦ ਸ਼ਾਂਤੀਪੂਰਨ ਪ੍ਰਦਰਸ਼ਨ ਵਿਚ ਸ਼ਾਮਲ ਵਰਕਰਜ਼ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਕੈਨੇਡਾ ਨੇ ਉਨ੍ਹਾਂ ਕੰਪਨੀਆਂ ਨੂੰ ਵੀ ਆਪਣੀ ਪਾਬੰਦੀਸ਼ੁਦਾ ਸੂਚੀ ਵਿਚ ਸ਼ਾਮਲ ਕੀਤਾ ਹੈ। ਕੈਨੇਡਾ ਨੇ ਇਹ ਕਦਮ ਯੂਰਪੀਅਨ ਯੂਨੀਅਨ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ੇਨਾਲ ਮਿਲ ਕੇ ਚੁੱਕਿਆ ਹੈ।




