Oct 15, 2026 7:05 PM - Connect Newsroom - Ramandeep Kaur with files from The Canadian Press

ਕੈਨੇਡਾ ਸਰਕਾਰ ਨੇ ਸਾਊਦੀ ਦੇ ਰਿਆਦ ਅਤੇ Dammam airports 'ਤੇ ਹੂਥੀ ਬਾਗੀਆਂ ਵੱਲੋਂ ਕੀਤੇ ਗਏ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਮੱਦੇਨਜ਼ਰ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ।ਗਲੋਬਲ ਅਫੇਅਰਜ਼ ਕੈਨੇਡਾ ਨੇ ਕੈਨੇਡੀਅਨ ਨੂੰ ਸਾਊਦੀ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਉਥੇ ਮੌਜੂਦ ਨਾਗਰਿਕਾਂ ਨੂੰ ਬਹਿਰੀਨ ਤੇ ਕਤਰ ਵਰਗੇ ਗੁਆਂਢੀ ਦੇਸ਼ਾਂ ਰਾਹੀਂ ਆਪਣੀ ਯਾਤਰਾ ਦੀ ਬੁਕਿੰਗ ਕਰਨ ਲਈ ਕਿਹਾ ਹੈ।
ਕੈਨੇਡਾ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਹਮਲਿਆਂ ਕਾਰਨ ਕੌਮਾਂਤਰੀ ਉਡਾਣਾਂ ਦੇ ਨਾਲ-ਨਾਲ ਸੁਰੱਖਿਆ ਸਥਿਤੀ ਕਿਸੇ ਵੀ ਵੇਲੇ ਖ਼ਰਾਬ ਹੋ ਸਕਦੀ ਹੈ, ਇਸ ਲਈ ਜੋ ਕੈਨੇਡੀਅਨ ਪਹਿਲਾਂ ਹੀ ਉੱਥੇ ਮੌਜੂਦ ਹਨ, ਉਨ੍ਹਾਂ ਨੂੰ ਲਗਾਤਾਰ ਸਥਾਨਕ ਖ਼ਬਰਾਂ 'ਤੇ ਨਜ਼ਰ ਰੱਖਣ ਅਤੇ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਐਡਵਾਇਜ਼ਰੀ ਵਿਚ ਇਹ ਵੀ ਸਾਫ ਕੀਤਾ ਗਿਆ ਹੈ ਜਿਨ੍ਹਾਂ ਕੈਨੇਡੀਅਨ ਦੇ ਵਿਜ਼ਿਟਰ ਵੀਜ਼ੇ ਜਲਦ ਹੀ ਖ਼ਤਮ ਹੋਣ ਵਾਲੇ ਹਨ ਉਹ ਜਿੰਨੀ ਜਲਦੀ ਹੋ ਸਕੇ ਸਾਊਦੀ ਅਰਬ ਛੱਡਣ ਦਾ ਪ੍ਰਬੰਧ ਕਰਨ ਕਿਉਂਕਿ ਅੰਬੈਸੀ ਵਲੋਂ ਵੀਜ਼ੇ ਵਿੱਚ ਵਾਧਾ ਅਤੇ ਤੈਅ ਸਮੇਂ ਤੋਂ ਵੱਧ ਰੁਕਣ ਲਈ ਲੱਗਣ ਵਾਲੇ ਜੁਰਮਾਨੇ ਵਿਚ ਛੋਟ ਲਈ ਕੋਈ ਮਦਦ ਨਹੀਂ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਯਾਤਰੀਆਂ ਨੂੰ ਆਪਣੀ ਫਲਾਈਟ ਦੇ ਸਟੇਟਸ 'ਤੇ ਲਗਾਤਾਰ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ।




