Aug 26, 2024 3:21 PM - The Canadian Press

ਕੈਨੇਡਾ ਚੀਨ ਦੇ ਬਣੇ ਇਲੈਕਟ੍ਰਿਕ ਵਾਹਨ ਅਤੇ ਚੀਨੀ ਸਟੀਲ ’ਤੇ ਭਾਰੀ ਇੰਪੋਰਟ ਡਿਊਟੀ ਲਗਾਉਣ ਜਾ ਰਿਹਾ ਹੈ। ਇਸ ਦੀ ਘੋਸ਼ਣਾ ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੈਲੀਫੈਕਸ ਵਿਚ ਕੀਤੀ। ਇਸ ਕਦਮ ਤਹਿਤ ਚਾਈਨਿਜ਼ ਇਲੈਕਟ੍ਰਿਕ ਕਾਰਾਂ ’ਤੇ 100 ਫੀਸਦੀ ਟੈਰਿਫ ਅਤੇ ਚੀਨੀ ਸਟੀਲ ਅਤੇ ਅਲਮੀਨੀਅਮ ’ਤੇ 25 ਫੀਸਦੀ ਟੈਰਿਫ ਲਾਗੂ ਹੋਵੇਗਾ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਜਿਹਾ ਕੈਨੇਡਾ ਵਿਚ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ ਕੀਤਾ ਜਾ ਰਿਹਾ ਹੈ।
ਗੌਰਤਲਬ ਕਿ ਕੈਨੇਡਾ ਨੇ ਇਹ ਘੋਸ਼ਣਾ ਅਮਰੀਕਾ ਦੇ ਨਕਸ਼ੇ-ਕਦਮ ’ਤੇ ਚੱਲਦੇ ਹੋਏ ਕੀਤੀ ਹੈ। ਰਾਸ਼ਟਰਪਤੀ ਜੋ ਬਾਈਡੇਨ ਨੇ ਮਈ ਦੇ ਅੱਧ ਵਿਚ ਕਿਹਾ ਸੀ ਕੀ ਉਹ ਇਸ ਸਾਲ ਚੀਨੀ ਇਲੈਕਟ੍ਰਿਕ ਵਾਹਨਾਂ ’ਤੇ ਟੈਰਿਫ ਨੂੰ 25 ਫੀਸਦੀ ਤੋਂ ਵਧਾ ਕੇ 100 ਫੀਸਦੀ ਕਰ ਰਹੇ ਹਨ।
ਇਸ ਤੋਂ ਬਾਅਦ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਚੀਨ ਆਪਣੇ ਮਾਲ ਨੂੰ ਸਸਤੇ ਵਿਚ ਕੈਨੇਡਾ ਡੰਪ ਕਰ ਸਕਦਾ ਹੈ, ਇਸ ਕਾਰਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਫੈਡਰਲ ਸਰਕਾਰ ਤੋਂ ਚੀਨ ਇਲੈਕਟ੍ਰਿਕ ਵਾਹਨ ’ਤੇ ਟੈਰਿਫ ਵਧਾਏ ਜਾਣ ਦੀ ਲਗਾਤਾਰ ਮੰਗ ਕਰ ਰਹੇ ਸਨ। ਓਨਟਾਰੀਓ ਕੈਨੇਡਾ ਦਾ ਪ੍ਰਮੁੱਖ ਆਟੋ ਨਿਰਮਾਣ ਕੇਂਦਰ ਹੈ, ਜਿੱਥੇ ਸੂਬਾ ਤੇ ਫੈਡਰਲ ਸਰਕਾਰ ਨੇ ਭਾਰੀ ਇਨਵਸਟਮੈਂਟ ਕੀਤੀ ਹੈ।




