Aug 25, 2026 1:36 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਅੱਜ ਅਮਰੀਕਾ ਵਿਰੁੱਧ ਵਿਰੋਧੀ ਟੈਰਿਫ ਅਤੇ ਪ੍ਰਭਾਵਿਤ ਕੈਨੇਡੀਅਨ ਕਾਰੋਬਾਰਾਂ ਲਈ ਨਵੇਂ ਸਹਾਇਤਾ ਪੈਕੇਜਾਂ ਦਾ ਐਲਾਨ ਕਰਨ ਜਾ ਰਹੀ ਹੈ। ਇਹ ਕਦਮ ਡੌਨਲਡ ਟਰੰਪ ਪ੍ਰਸ਼ਾਸਨ ਨਾਲ ਵਪਾਰਕ ਗੱਲਬਾਤ ਟੁੱਟਣ ਅਤੇ ਅਮਰੀਕਾ ਵੱਲੋਂ ਕੈਨੇਡੀਅਨ ਵਸਤੂਆਂ 'ਤੇ 50 ਫੀਸਦੀ ਟੈਰਿਫ ਲਗਾਉਣ ਤੋਂ ਬਾਅਦ ਚੁੱਕਿਆ ਗਿਆ ਹੈ।
ਵਿੱਤ ਮੰਤਰੀ ਫ੍ਰਾਂਕੋਇਸ-ਫਿਲਿਪ ਸ਼ੈਂਪੇਨ, ਉਦਯੋਗ ਮੰਤਰੀ ਮੇਲਾਨੀ ਜੋਲੀ, ਨੌਕਰੀਆਂ ਬਾਰੇ ਮੰਤਰੀ ਪੈਟੀ ਹਾਜਦੂ ਅਤੇ ਏ.ਆਈ. ਮਿਨਿਸਟਰ ਈਵਾਨ ਸੋਲੋਮਨ ਵਲੋਂ ਟੈਰਿਫਸ ਤੋਂ ਪ੍ਰਭਾਵਿਤ ਵਰਕਰਜ਼ ਲਈ ਸਮਰਥਨ ਦੇ ਵੇਰਵੇ ਸਾਂਝੇ ਕਰਨ ਦੀ ਉਮੀਦ ਹੈ। ਜਾਣਕਾਰੀ ਅਨੁਸਾਰ, ਜਿਨ੍ਹਾਂ ਅਮਰੀਕੀ ਉਤਪਾਦਾਂ 'ਤੇ ਕੈਨੇਡਾ ਟੈਰਿਫਸ ਲਗਾਏਗਾ ਉਹ ਅਜਿਹੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ਦੇ ਬਦਲ ਕੈਨੇਡਾ ਵਿਚ ਪਹਿਲਾਂ ਹੀ ਆਸਾਨੀ ਨਾਲ ਉਪਲਬਧ ਹਨ।
ਇਸ ਦਾ ਮਕਸਦ ਟੈਰਿਫ ਦੇ ਬਾਵਜੂਦ ਕੈਨੇਡੀਅਨ ਨੂੰ ਮਹਿੰਗਾਈ ਦੇ ਹੋਰ ਬੋਝ ਤੋਂ ਵੱਧ ਤੋਂ ਵੱਧ ਬਚਾਉਣਾ ਹੈ। ਇਹ ਵਿਰੋਧੀ ਟੈਰਿਫ 8 ਸਤੰਬਰ ਤੋਂ ਲਾਗੂ ਕੀਤੇ ਜਾਣਗੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਇਹ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਜੇ ਅਮਰੀਕਾ ਆਪਣਾ ਮੌਜੂਦਾ ਧੱਕੇਸ਼ਾਹੀ ਵਾਲਾ ਰਵੱਈਆ ਬਦਲੇਗਾ ਤਾਂ ਹੀ ਭਵਿੱਖ ਵਿਚ ਟ੍ਰੇਡ ਡੀਲ ਲਈ ਨਵੀਂ ਗੱਲਬਾਤ ਸੰਭਵ ਹੋਵੇਗੀ।




