Aug 19, 2026 5:02 PM - Connect Newsroom - Ramandeep Kaur with files from The Canadian Press

ਕੈਨੇਡਾ ਅਤੇ ਅਮਰੀਕਾ ਦੇ ਵਪਾਰਕ ਸਬੰਧਾਂ ਵਿਚ ਨਵਾਂ ਮੋੜ ਆਉਣ ਦੀ ਉਮੀਦ ਹੈ, ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਨੂੰ ਵਾਸ਼ਿੰਗਟਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਹੈ ਕਿ ਹੁਣ ਕੈਨੇਡਾ ਤੋਂ ਆਉਣ ਵਾਲੇ ਸਾਮਾਨ 'ਤੇ ਕੋਈ ਨਵਾਂ ਟੈਰਿਫ ਨਹੀਂ ਲਗਾਇਆ ਜਾਵੇਗਾ ਅਤੇ ਕੈਨੇਡੀਅਨ ਆਟੋਜ਼ 'ਤੇ ਲੱਗਣ ਵਾਲੇ ਟੈਰਿਫਸ ਵਿਚ ਵੀ ਕੁਝ ਰਾਹਤ ਦਿੱਤੀ ਜਾ ਰਹੀ ਹੈ।
ਟਰੰਪ ਨੇ ਇਸ ਨਵੇਂ ਪ੍ਰਸਤਾਵਿਤ ਵਪਾਰਕ ਸਮਝੌਤੇ ਨੂੰ ਅਮਰੀਕੀ ਕਿਸਾਨਾਂ ਲਈ ਸ਼ਾਨਦਾਰ ਅਤੇ ਦੋਵਾਂ ਦੇਸ਼ਾਂ ਲਈ ਬਹੁਤ ਵਧੀਆ ਡੀਲ ਦੱਸਿਆ ਹੈ। ਦੂਜੇ ਪਾਸੇ, ਵਾਸ਼ਿੰਗਟਨ ਵਿਚ ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਨਾਲ ਮੁਲਾਕਾਤ ਦੌਰਾਨ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਮੀਡੀਆ ਨੂੰ ਦੱਸਿਆ ਕਿ ਦੋਵੇਂ ਦੇਸ਼ ਇੱਕ ਅਜਿਹੇ ਸਮਝੌਤੇ 'ਤੇ ਪਹੁੰਚ ਗਏ ਹਨ ਜੋ ਉੱਤਰੀ ਅਮਰੀਕੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ ਅਤੇ ਵਪਾਰਕ ਮਤਭੇਦ ਖ਼ਤਮ ਹੋਣਗੇ।
ਇਸ ਦੇ ਨਾਲ ਹੀ ਕੈਨੇਡੀਅਨ ਮੰਤਰੀ ਲੇਬਲੈਂਕ ਨੇ ਦੇਸ਼ ਦੇ ਡੇਅਰੀ ਅਤੇ ਪੋਲਟਰੀ ਉਦਯੋਗ ਨੂੰ ਰਾਹਤ ਦਿੰਦਿਆਂ ਸੰਕੇਤ ਦਿੱਤਾ ਹੈ ਕਿ ਕੈਨੇਡਾ ਦਾ ਸਪਲਾਈ ਪ੍ਰਬੰਧਨ ਸਿਸਟਮ ਇਸ ਸਮਝੌਤੇ ਦੇ ਬਾਵਜੂਦ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ, ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਸੀ ਕਿ ਸਪਲਾਈ ਮੈਨੇਜਮੈਂਟ ਸਿਸਟਮ ਪੂਰੀ ਤਰ੍ਹਾਂ ਬਰਕਰਾਰ ਰਹੇ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਅਜਿਹਾ ਹੀ ਹੋਇਆ ਹੈ।




