Aug 20, 2024 4:05 PM - The Canadian Press

ਕੈਨੇਡੀਅਨਾਂ ਲਈ ਰਾਹਤ ਦੀ ਖ਼ਬਰ ਹੈ, ਦੇਸ਼ ਦੀ ਸਲਾਨਾ ਮਹਿੰਗਾਈ ਦਰ ਜੁਲਾਈ ਵਿਚ ਘੱਟ ਕੇ 2.5 ਫੀਸਦੀ ’ਤੇ ਆ ਗਈ ਹੈ। ਇਹ ਮਾਰਚ 2021 ਤੋਂ ਬਾਅਦ ਸਭ ਤੋਂ ਘੱਟ ਮਹਿੰਗਾਈ ਦਰ ਹੈ। ਹੁਣ ਸਭ ਦੀਆਂ ਨਜ਼ਰਾਂ ਬੈਂਕ ਔਫ਼ ਕੈਨੇਡਾ ’ਤੇ ਹਨ, ਜੋ 4 ਸਤੰਬਰ ਨੂੰ ਵਿਆਜ ਦਰਾਂ ਬਾਰੇ ਫੈਸਲੇ ਦਾ ਐਲਾਨ ਕਰਨ ਵਾਲਾ ਹੈ।
ਮਨੀ ਮਾਰਕਿਟ ਨੇ ਲਗਾਤਾਰ ਤੀਜੀ ਵਾਰ ਵਿਆਜ ਦਰਾਂ ਘਟਣ ਦੀ ਉਮੀਦ ਜਤਾਈ ਹੈ। ਸੀ.ਆਈ.ਬੀ.ਸੀ. ਕੈਪੀਟਲ ਮਾਰਕਿਟ ਦੇ ਸੀਨੀਅਰ ਅਰਥ ਸ਼ਾਸਤਰੀ ਐਂਡਰਿਊ ਗ੍ਰਾਂਥਮ ਨੇ ਕਿਹਾ ਕਿ ਅਗਲੇ ਮਹੀਨੇ ਵਿਆਜ ਦਰਾਂ ਵਿਚ 0.25 ਫੀਸਦੀ ਦੀ ਕਟੌਤੀ ਹੋ ਸਕਦੀ ਹੈ ਅਤੇ ਅਕਤੂਬਰ ਤੇ ਦਸੰਬਰ ਵਿਚ ਵੀ ਦੋ ਵਾਰ ਵਿਚ ਇੰਨੀ ਹੀ ਹੋਰ ਕਟੌਤੀ ਹੋਣ ਦਾ ਅਨੁਮਾਨ ਹੈ, ਜਿਸ ਨਾਲ ਬੈਂਕ ਔਫ ਕੈਨੇਡਾ ਦਾ ਪ੍ਰਮੁੱਖ ਪੌਲਿਸੀ ਰੇਟ ਸਾਲ ਦੇ ਅੰਤ ਤੱਕ ਘੱਟ ਕੇ 3.75 ਫੀਸਦੀ ਹੋਣ ਦੀ ਉਮੀਦ ਹੈ।
ਇਸ ਤੋਂ ਪਹਿਲਾਂ ਸੈਂਟਰਲ ਬੈਂਕ ਨੇ ਜੂਨ ਅਤੇ ਜੁਲਾਈ ਵਿਚ ਵਿਆਜ ਦਰਾਂ ਘਟਾਈਆਂ ਸਨ ਅਤੇ ਇਸ ਸਮੇਂ ਇਸ ਦਾ ਪ੍ਰਮੁੱਖ ਪੌਲਿਸੀ ਰੇਟ 4.75 ਫੀਸਦੀ ਹੈ। ਗਵਰਨਰ ਟਿਫ ਮੈਕਲੇਮ ਨੇ ਪਿਛਲੀ ਮੀਟਿੰਗ ਵਿਚ ਕਿਹਾ ਸੀ ਕਿ ਜੇ ਮਹਿੰਗਾਈ ਦਰ ਘੱਟ ਹੋਈ ਤਾਂ ਵਿਆਜ ਦਰਾਂ ਵਿਚ ਹੋਰ ਕਟੌਤੀ ਦੀ ਉਮੀਦ ਕੀਤੀ ਜਾ ਸਕਦੀ ਹੈ। ਹੁਣ ਇਹ ਸੈਂਟਰਲ ਬੈਂਕ ਦੇ 2 ਫੀਸਦੀ ਟੀਚੇ ਦੇ ਬਿਲਕੁਲ ਨੇੜੇ ਆ ਗਈ ਹੈ।




