Aug 17, 2026 4:58 PM - Connect Newsroom - Ramandeep Kaur with files from The Canadian Press

ਕੈਨੇਡਾ ਸਰਕਾਰ ਵਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਬੈਨ ਲਗਾਉਣ ਦੇ ਪ੍ਰਸਤਾਵਿਤ ਕਾਨੂੰਨ ਨੂੰ ਅਦਾਲਤ ਵਿਚ ਸੰਵਿਧਾਨਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਰਾਂ ਨੇ ਇਹ ਸੰਭਾਵਨਾ ਜਤਾਈ ਹੈ। ਇਸ ਦਾ ਆਧਾਰ ਇਹ ਹੈ ਕਿ ਸ਼ੁੱਕਰਵਾਰ ਨੂੰ ਫਰਾਂਸ ਦੀ ਸੁਪਰੀਮ ਕੋਰਟ ਵੱਲੋਂ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਦੇ ਕਾਨੂੰਨ ਨੂੰ ਰੱਦ ਕੀਤਾ ਗਿਆ ਹੈ, ਅਦਾਲਤ ਮੁਤਾਬਕ ਇਹ ਪਾਬੰਦੀ ਬਹੁਤ ਜ਼ਿਆਦਾ ਵਿਆਪਕ ਸੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਕਰਦੀ ਸੀ।
ਡਲਹੌਜ਼ੀ ਯੂਨੀਵਰਸਿਟੀ ਦੇ ਐਸੋਸੀਏਟ ਲਾਅ ਪ੍ਰੋਫੈਸਰ ਮਾਈਕਲ ਕਰੈਨੀਕੋਲਸ ਅਨੁਸਾਰ, ਕੈਨੇਡਾ ਵਿਚ ਵੀ ਇਸ ਕਾਨੂੰਨ ਨੂੰ ਚੁਣੌਤੀ ਮਿਲਣਾ ਲਗਭਗ ਤੈਅ ਹੈ ਕਿਉਂਕਿ ਅੱਜ ਦੇ ਦੌਰ ਵਿਚ ਸੋਸ਼ਲ ਮੀਡੀਆ ਹੀ ਅਜਿਹਾ ਜ਼ਰੀਆ ਹੈ ਜਿੱਥੇ ਨੌਜਵਾਨ ਸਿਆਸੀ ਤੇ ਸਮਾਜਿਕ ਮੁੱਦਿਆਂ 'ਤੇ ਆਪਣੀ ਆਵਾਜ਼ ਰੱਖ ਸਕਦੇ ਹਨ ਅਤੇ ਇਸ 'ਤੇ ਰੋਕ ਲਗਾਉਣਾ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾ ਹੈ।
ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਨੇ ਵੀ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਦੀ ਮਿਸਾਲ ਦਿੱਤੀ, ਜਿਸ ਨੇ ਮਹਿਜ਼ 15 ਸਾਲ ਦੀ ਉਮਰ ਵਿਚ ਸੋਸ਼ਲ ਮੀਡੀਆ ਜ਼ਰੀਏ ਕੌਮਾਂਤਰੀ ਪੱਧਰ 'ਤੇ ਪ੍ਰਸਿੱਧੀ ਹਾਸਲ ਕੀਤੀ ਸੀ। ਮਾਹਰਾਂ ਦਾ ਤਰਕ ਹੈ ਕਿ ਕੈਨੇਡਾ ਦਾ ਬਿੱਲ C-34 ਵੀ ਫਰਾਂਸ ਦੇ ਕਾਨੂੰਨ ਵਰਗੀਆਂ ਖਾਮੀਆਂ ਨਾਲ ਭਰਿਆ ਹੋਇਆ ਹੈ, ਜਿਸ ਕਾਰਨ ਕੈਨੇਡੀਅਨ ਕੋਰਟ ਵਿਚ ਇਸ ਦਾ ਟਿਕਣਾ ਮੁਸ਼ਕਲ ਹੋਵੇਗਾ।




