Jun 5, 2025 5:03 PM - Connect Newsroom

ਕੈਨੇਡਾ ਨੇ ਅਮਰੀਕੀ ਟੈਰਿਫ ਤੋਂ ਪ੍ਰਭਾਵਿਤ ਹੋਣ ਕਾਰਨ ਨਿਰਯਾਤ ਵਿਚ ਲਗਭਗ 17 ਸਾਲਾਂ ਵਿਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਹੈ, ਜਿਸ ਨਾਲ ਦੇਸ਼ ਦਾ ਵਪਾਰ ਘਾਟਾ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਅਮਰੀਕਾ ਤੋਂ ਡਿਮਾਂਡ ਘੱਟ ਹੋਣ ਨਾਲ ਕੈਨੇਡਾ ਨੇ ਅਪ੍ਰੈਲ ਵਿਚ $7.1 ਬਿਲੀਅਨ ਦਾ ਵਪਾਰ ਘਾਟਾ ਦਰਜ ਕੀਤਾ ਇਹ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਮਾਰਚ ਵਿਚ ਵਪਾਰਕ ਘਾਟਾ $2.3 ਬਿਲੀਅਨ ਸੀ।
ਸਟੈਟਿਸਟਿਕਸ ਕੈਨੇਡਾ ਵਲੋਂ ਵੀਰਵਾਰ ਨੂੰ ਜਾਰੀ ਕੀਤੇ ਅੰਕੜਿਆਂ ਮੁਤਾਬਕ, ਅਪ੍ਰੈਲ ਵਿਚ ਕੁੱਲ ਨਿਰਯਾਤ ਵਿਚ 10.8 ਫੀਸਦੀ ਦੀ ਗਿਰਾਵਟ ਆਈ, ਇਹ ਲਗਾਤਾਰ ਤੀਜੀ ਮਹੀਨਾਵਾਰ ਗਿਰਾਵਟ ਹੈ ਅਤੇ ਕੋਵਿਡ ਸਮੇਂ ਨੂੰ ਛੱਡ ਕੇ ਗਲੋਬਲ ਵਿੱਤੀ ਸੰਕਟ ਦੌਰਾਨ ਦਸੰਬਰ 2008 ਵਿਚ ਦੇਖੀ ਗਈ ਸਥਿਤੀ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ।
ਸਟੈਟਿਸਟਿਕਸ ਕੈਨੇਡਾ ਮੁਤਾਬਕ, ਅਮਰੀਕਾ ਨੂੰ ਨਿਰਯਾਤ ਵਿਚ 15.7 ਫੀਸਦੀ ਅਤੇ ਉਥੋਂ ਇੰਪੋਰਟ ਵਿਚ 10.8 ਫੀਸਦੀ ਦੀ ਕਮੀ ਆਈ ਹੈ। ਹਾਲਾਂਕਿ, ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੈਨੇਡਾ ਦਾ ਹੋਰ ਮੁਲਕਾਂ ਨੂੰ ਨਿਰਯਾਤ ਵਧਿਆ ਹੈ ਪਰ ਅਮਰੀਕਾ ਨੂੰ ਨਿਰਯਾਤ ਵਿਚ ਆਈ ਗਿਰਾਵਟ ਦੀ ਭਰਪਾਈ ਨਹੀਂ ਹੋ ਸਕੀ।




