Oct 15, 2026 3:15 PM - Connect Newsroom - Ramandeep Kaur

ਕੈਨੇਡਾ ਦੀ ਮੱਛੀ ਪਾਲਣ ਮੰਤਰੀ ਜੋਐਨ ਥੌਂਪਸਨ ਇਸੇ ਮਹੀਨੇ ਦੇ ਅਖੀਰ ਵਿਚ ਚੀਨ ਦਾ ਦੌਰਾ ਕਰਨ ਜਾ ਰਹੇ ਹਨ। ਉਨ੍ਹਾਂ ਦੇ ਦਫ਼ਤਰ ਵੱਲੋਂ ਵੀਰਵਾਰ ਨੂੰ ਇਸ ਯਾਤਰਾ ਦੀ ਪੁਸ਼ਟੀ ਕੀਤੀ ਗਈ ਹੈ। ਇਹ ਦੌਰਾ ਕੈਨੇਡੀਅਨ ਲੋਬਸਟਰ ਅਤੇ ਕਰੈਬ ਇੰਡਸਟਰੀ ਨੂੰ ਪ੍ਰਭਾਵਿਤ ਕਰਨ ਵਾਲੇ ਚਾਈਨਜ਼ ਟੈਰਿਫ ਦੇ ਲਾਗੂ ਹੋਣ ਦੀ ਨੇੜੇ ਆ ਰਹੀ ਸੀਮਾ-ਸਮਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।
ਅਸਲ ਵਿਚ ਕੈਨੇਡਾ ਵੱਲੋਂ ਚੀਨ ਦੇ ਇਲੈਕਟ੍ਰਿਕ ਵਾਹਨਾਂ,ਸਟੀਲ ਅਤੇ ਐਲੂਮੀਨੀਅਮ 'ਤੇ ਟੈਰਿਫਸ ਲਗਾਉਣ ਤੋਂ ਬਾਅਦ ਚੀਨ ਨੇ ਜਵਾਬੀ ਕਾਰਵਾਈ ਕਰਦਿਆਂ 2025 ਵਿਚ ਕੈਨੇਡੀਅਨ ਸਮੁੰਦਰੀ ਭੋਜਨ 'ਤੇ 25 ਫੀਸਦੀ ਵਾਧੂ ਟੈਰਿਫ ਲਗਾ ਦਿੱਤਾ ਸੀ। ਹਾਲਾਂਕਿ, ਇਸ ਸਾਲ ਜਨਵਰੀ ਵਿਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਚੀਨ ਯਾਤਰਾ ਦੌਰਾਨ ਹੋਏ ਇੱਕ ਸਮਝੌਤੇ ਤਹਿਤ ਚੀਨ ਨੇ ਇਸ ਟੈਰਿਫ ਨੂੰ 31 ਦਸੰਬਰ 2026 ਤੱਕ ਅਸਥਾਈ ਤੌਰ 'ਤੇ ਸਸਪੈਂਡ ਕਰ ਦਿੱਤਾ ਸੀ।
ਹੁਣ ਜਦੋਂ ਇਹ ਸਮਾਂ-ਸੀਮਾ ਖ਼ਤਮ ਹੋਣ ਦੇ ਨੇੜੇ ਹੈ ਤਾਂ ਕੈਨੇਡੀਅਨ ਸਮੁੰਦਰੀ ਭੋਜਨ ਇੰਡਸਟਰੀ ਵਿਚ ਅਨਿਸ਼ਚਿਤਤਾ ਦਾ ਮਾਹੌਲ ਹੈ ਕਿ ਕੀ ਚੀਨ ਇਸ ਛੋਟ ਨੂੰ ਅੱਗੇ ਵਧਾਏਗਾ ਜਾਂ ਨਹੀਂ, ਇਸੇ ਕਾਰਨ ਮੰਤਰੀ ਜੋਐਨ ਥੌਂਪਸਨ ਨੇ ਚੀਨ ਜਾਣ ਦੀ ਯੋਜਨਾ ਬਣਾਈ ਹੈ। ਗੌਰਤਲਬ ਹੈ ਕਿ ਕੈਨੇਡਾ ਆਪਣੇ ਸਮੁੰਦਰੀ ਭੋਜਨ ਦਾ ਵੱਡਾ ਹਿੱਸਾ ਚੀਨ ਨੂੰ ਐਕਸਪੋਰਟ ਕਰਦਾ ਹੈ।




