Sep 10, 2026 1:39 PM - Connect Newsroom - Ramandeep Kaur with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਿਚ ਅੱਜ ਐਲਬਰਟਾ ਦੇ mountain resort town Banff ਵਿਚ ਕੈਬਨਿਟ ਦੀ ਅਹਿਮ ਮੀਟਿੰਗ ਸ਼ੁਰੂ ਹੋਈ ਹੈ, ਜਿਸ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵੀ ਸੰਬੋਧਨ ਕਰਨ ਵਾਲੇ ਹਨ, ਜੋ ਆਪਣੀ ਪਤਨੀ Olena Zelenska ਨਾਲ ਬੁੱਧਵਾਰ ਰਾਤ ਕੈਲਗਰੀ ਪਹੁੰਚੇ ਹਨ।
ਇਹ ਦੋ ਰੋਜ਼ਾ ਕੈਬਨਿਟ ਪਲੈਨਿੰਗ ਫੋਰਮ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਟਰੰਪ ਨੇ ਨਵੇਂ ਕਾਰਜਕਾਰੀ ਹੁਕਮ 'ਤੇ ਦਸਤਖਤ ਕਰਦੇ ਹੋਏ ਇਸੇ ਮਹੀਨੇ ਦੇ ਅਖੀਰ ਤੋਂ ਕੈਨੇਡਾ ਤੋਂ ਆਉਣ ਵਾਲੀ ਸ਼ਰਾਬ, ਮੋਟਰਸਾਈਕਲਾਂ ਅਤੇ ਡੇਅਰੀ ਉਤਪਾਦ ਵਰਗੀਆਂ ਚੀਜ਼ਾਂ ਦੇ ਇੰਪੋਰਟ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਕੈਨੇਡਾ ਵਲੋਂ ਟਰੰਪ ਦੇ ਤਾਜ਼ਾ ਕਦਮ ਖਿਲਾਫ ਜਵਾਬੀ ਕਾਰਵਾਈ ਦੀ ਸੰਭਾਵਨਾ ਨਹੀਂ ਹੈ। ਰਿਪੋਰਟ ਮੁਤਾਬਕ, ਪ੍ਰਧਾਨ ਮੰਤਰੀ ਕਾਰਨੀ ਦੀ Canada-US Advisory Council ਦੇ ਪੰਜ ਮੈਂਬਰਾਂ ਨੇ ਸਰਕਾਰ ਨੂੰ ਅਮਰੀਕਾ ਵਿਰੁੱਧ ਹੋਰ ਜਵਾਬੀ ਕਦਮ ਨਾ ਚੁੱਕਣ ਦੀ ਸਲਾਹ ਦਿੱਤੀ ਹੈ।
ਉਥੇ ਹੀ, Banff ਵਿਚ ਕੈਬਨਿਟ ਬੈਠਕ ਦੌਰਾਨ ਸਰਕਾਰ ਵਲੋਂ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਸਪਲਾਈ ਚੇਨ ਨੂੰ ਬਰਕਰਾਰ ਰੱਖਣ ਲਈ ਵਿਚਕਾਰਲਾ ਰਾਹ ਲੱਭਣ 'ਤੇ ਚਰਚਾ ਕਰਨ ਦੀ ਉਮੀਦ ਹੈ। 21 ਸਤੰਬਰ ਨੂੰ ਪਾਰਲੀਮੈਂਟ ਦਾ ਸੈਸ਼ਨ ਵੀ ਸ਼ੁਰੂ ਹੋ ਰਿਹਾ ਹੈ, ਜਿਸ ਕਾਰਨ ਲਿਬਰਲਸ ਲਈ ਇਹ ਬੈਠਕ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਹਾਊਸ ਵਿਚ ਸਰਕਾਰ ਨੂੰ ਅਮਰੀਕਾ ਨਾਲ ਰੱਦ ਹੋਈ ਡੀਲ ਦੇ ਮੁੱਦੇ 'ਤੇ ਵਿਰੋਧੀਆਂ ਦੇ ਸਵਾਲਾਂ ਦਾ ਟਾਕਰਾ ਕਰਨਾ ਪਵੇਗਾ, ਮੁੱਖ ਵਿਰੋਧੀ ਧਿਰ ਪਹਿਲਾਂ ਹੀ ਸਰਕਾਰ ਨੂੰ ਘੇਰ ਰਹੀ ਹੈ।




