Aug 20, 2026 1:52 PM - Connect Newsroom - Ramandeep Kaur with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਨਾਲ ਅਸਥਾਈ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਪ੍ਰੀਮੀਅਰਜ਼ ਨੂੰ ਅਮਰੀਕੀ ਸ਼ਰਾਬ 'ਤੇ ਬੈਨ ਹਟਾਉਣ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ 50 ਫੀਸਦੀ ਟੈਰਿਫ ਸ਼ੁੱਕਰਵਾਰ ਤੱਕ ਟਾਲਣ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਅਜੇ ਵੀ ਚੱਲ ਰਹੀ ਹੈ ਅਤੇ ਅਮਰੀਕਾ ਸ਼ਰਾਬ ਦੀ ਪਾਬੰਦੀ 'ਤੇ ਕਈ ਵਾਰ ਇਤਰਾਜ਼ ਜਤਾ ਚੁੱਕਾ ਹੈ। ਕਿਉਂਕਿ ਕੈਨੇਡਾ ਵਿਚ ਸ਼ਰਾਬ ਦੀ ਵਿਕਰੀ 'ਤੇ ਕੰਟਰੋਲ ਸੂਬਾ ਸਰਕਾਰਾਂ ਦੇ ਹੱਥ ਹੈ ਇਸ ਲਈ ਪ੍ਰਧਾਨ ਮੰਤਰੀ ਕਾਰਨੀ ਨੇ ਬੁੱਧਵਾਰ ਨੂੰ ਪ੍ਰੀਮੀਅਰਜ਼ ਨਾਲ ਵਰਚੁਅਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਅਮਰੀਕੀ ਸ਼ਰਾਬ ਵਾਪਸ ਸਟੋਰਾਂ ਵਿਚ ਲਿਆਉਣ ਲਈ ਕਿਹਾ।
ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਊਸਟਨ ਸਮੇਤ ਕਈ ਸੂਬਾਈ ਆਗੂਆਂ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਹੈ ਕਿ ਜੇਕਰ ਅੰਤਿਮ ਵਪਾਰਕ ਸਮਝੌਤਾ ਸਹੀ ਰਹਿੰਦਾ ਹੈ ਤਾਂ ਉਹ ਅਜਿਹਾ ਕਰਨ ਲਈ ਤਿਆਰ ਹਨ। ਪ੍ਰਧਾਨ ਮੰਤਰੀ ਨੇ ਪ੍ਰੀਮੀਅਰਜ਼ ਨੂੰ procurement restrictions ਨੂੰ ਵੀ ਖ਼ਤਮ ਕਰਨ ਲਈ ਕਿਹਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਸੂਬ ਦੇ ਪ੍ਰੋਜੈਕਟਾਂ ਲਈ ਬੋਲੀ ਲਗਾਉਣ ਤੋਂ ਰੋਕਦੀਆਂ ਹਨ। ਹਾਲਾਂਕਿ, ਫੈਡਰਲ ਸਰਕਾਰ ਨੇ ਪ੍ਰਸਤਾਵਿਤ ਡੀਲ ਦੇ ਅਜੇ ਵੇਰਵੇ ਜਾਰੀ ਨਹੀਂ ਕੀਤੇ ਪਰ ਕਿਹਾ ਜਾਂਦਾ ਹੈ ਕਿ ਕੈਨੇਡਾ ਨੂੰ ਸੈਕਟਰਲ ਟੈਰਿਫ ਵਿਚ ਕੁਝ ਰਾਹਤ ਮਿਲ ਸਕਦੀ ਹੈ।




